ਨਿੱਜੀ ਪੱਤਰ ਪ੍ਰੇਰਕ
ਖੰਨਾ, 6 ਅਗਸਤ
ਨੇੜਲੇ ਪਿੰਡ ਭੱਟੀਆਂ ਵਿੱਚ ਗੁਆਢੀਆਂ ਨੇ ਵਿਧਵਾ ਔਰਤ ਦੇ ਮਕਾਨ ਦੀ ਕੰਧ ਤੇ ਛੱਤ ਢਾਹ ਦਿੱਤੀ। ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਦਿਆ ਸਿੰਘ ਨੇ ਦੱਸਿਆ ਕਿ ਉਸ ਨੇ ਕਰੀਬ 1 ਮਰਲਾ ਥਾਂ ਛੱਤੀ ਹੋਈ ਹੈ, ਜਿਸ ਵਿਚ ਉਸਦੀ ਵਿਧਵਾ ਧੀ ਪ੍ਰਕਾਸ਼ ਕੌਰ ਰਹਿੰਦੀ ਹੈ। ਇਸ ਮਕਾਨ ਪਿੱਛੇ ਮਲਕੀਤ ਸਿੰਘ ਦਾ ਘਰ ਹੈ, ਜਿਸ ਨੇ ਅੱਜ ਆਪਣੇ ਕੁਝ ਸਾਥੀਆਂ ਸਮੇਤ ਪ੍ਰਕਾਸ਼ ਕੌਰ ਦੀ ਘਰ ਵਿਚ ਵੜ ਕੇ ਕੁੱਟਮਾਰ ਕੀਤੀ ਅਤੇ ਉਸਦੇ ਮਕਾਨ ਦੀ ਛੱਤ ਅਤੇ ਕੰਧ ਢਾਹ ਦਿੱਤੀ। ਘਟਨਾ ਪਿਛੋਂ ਉਹ ਧਮਕੀਆਂ ਦਿੰਦੇ ਹੋਏ ਕਾਰ ਵਿਚ ਸਵਾਰ ਹੋ ਕੇ ਫਰਾਰ ਹੋ ਗਏ। ਇਸ ਸਬੰਧੀ ਥਾਣਾ ਸਿਟੀ-1 ਦੇ ਡੀਐੱਸਪੀ ਮਾਨਵਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਮਲਕੀਤ ਸਿੰਘ, ਹਰਜਿੰਦਰ ਸਿੰਘ, ਜਗਦੀਸ਼ ਸਿੰਘ, ਬੂਟਾ ਸਿੰਘ, ਜਸਪ੍ਰੀਤ ਸਿੰਘ, ਕੁਲਵਿੰਦਰਪਾਲ ਸਿੰਘ ਅਤੇ ਕੁਝ ਅਣਪਛਾਤੇ ਵਿਅਕਤੀਆਂ ’ਤੇ ਮਾਮਲਾ ਦਰਜ ਕਰਕੇ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।