ਸਤਵਿੰਦਰ ਬਸਰਾ
ਲੁਧਿਆਣਾ, 14 ਨਵੰਬਰ
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਅੱਜ ਐਨਡੀਏ -2 ਅਤੇ ਸੀਡੀਐੱਸ -2 ਦੀ ਪ੍ਰੀਖਿਆ ਲਈ ਗਈ। ਇਹ ਪ੍ਰੀਖਿਆ ਤਿੰਨ ਸੈਸ਼ਨਾਂ ਸਵੇਰੇ, ਦੁਪਹਿਰੇ ਅਤੇ ਸ਼ਾਮ ਵੇਲੇ ਕਰਵਾਈ ਗਈ। ਸਵੇਰ ਦੇ ਸੈਸ਼ਨ ਵਿੱਚ 6312 ’ਚੋਂ 3752 ਨੇ ਪ੍ਰੀਖਿਆ ਦਿੱਤੀ ਜਦਕਿ 2560 ਪ੍ਰੀਖਿਆਰਥੀ ਗੈਰ-ਹਾਜ਼ਰ ਰਹੇ। ਪ੍ਰੀਖਿਆਰਥੀਆਂ ’ਚੋਂ ਲੜਕੀਆਂ ਦੀ ਗਿਣਤੀ ਲੜਕਿਆਂ ਦੇ ਮੁਕਾਬਲੇ ਕਈ ਗੁਣਾ ਵਧ ਰਹੀ।
ਯੂਪੀਐਸਸੀ ਵੱਲੋਂ ਫੌਜ ਵਿੱਚ ਭਰਤੀ ਹੋਣ ਦੀ ਨੈਸ਼ਨਲ ਡਿਫੈਂਸ ਅਕਾਡਮੀ ਵਿੱਚ ਤਿਆਰੀ ਕਰਵਾਈ ਜਾਂਦੀ ਹੈ। ਇਸ ਲਈ ਕੌਮੀ ਪੱਧਰ ’ਤੇ ਪ੍ਰੀਖਿਆ ਲਈ ਜਾਂਦੀ ਹੈ। ਸਿਖਲਾਈ ਪੂਰੀ ਕਰਨ ਵਾਲੇ ਨੌਜਵਾਨਾਂ ਦੀ ਫੌਜ ਵਿੱਚ ਅਫਸਰ ਵਜੋਂ ਭਰਤੀ ਹੁੰਦੀ ਹੈ। ਇਸ ਸਬੰਧੀ ਅੱਜ ਲੁਧਿਆਣੇ ਵੱਖ ਵੱਖ ਕਾਲਜਾਂ ਵਿੱਚ 20 ਦੇ ਕਰੀਬ ਪ੍ਰੀਖਿਆ ਕੇਂਦਰ ਬਣਾਏ ਗਏ। ਸਵੇਰ ਦੇ ਸੈਸ਼ਨ ਵਿੱਚ ਸੀਡੀਐਸ, ਐਨਡੀਏ ਫਾਰ ਵੁਮੈਨ ਅਤੇ ਐਨਡੀਏ ਜਨਰਲ ਦੇ ਕੁੱਲ 6312 ਨੌਜਵਾਨਾਂ ਨੇ ਪ੍ਰੀਖਿਆ ਲਈ ਫਾਰਮ ਭਰੇ ਸਨ ਪਰ ਪ੍ਰੀਖਿਆ ਦੇਣ ਸਿਰਫ 3752 ਪ੍ਰੀਖਿਆਰਥੀ ਪਹੁੰਚੇ ਜਦਕਿ 2560 ਗੈਰ ਹਾਜ਼ਰ ਰਹੇ। ਇਸੇ ਤਰ੍ਹਾਂ ਦੁਪਹਿਰ ਦੇ ਸੈਸ਼ਨ ਲਈ 1152 ’ਚੋਂ 574 ਨੇ ਪ੍ਰੀਖਿਆ ਦਿੱਤੀ ਜਦਕਿ 578 ਗੈਰ ਹਾਜ਼ਰ ਰਹੇ। ਸ਼ਾਮ ਦੇ ਸੈਸ਼ਨ ਵਿੱਚ 5736 ’ਚੋਂ 3465 ਨੇ ਪ੍ਰੀਖਿਆ ਦਿੱਤੀ ਜਦਕਿ 2271 ਪ੍ਰੀਖਿਆਰਥੀ ਗੈਰ ਹਾਜ਼ਰ ਰਹੇ। ਇਨ੍ਹਾਂ ਪ੍ਰੀਖਿਆਰਥੀਆਂ ’ਚੋਂ ਲੜਕੀਆਂ ਦੀ ਗਿਣਤੀ ਲੜਕਿਆਂ ਦੇ ਮੁਕਾਬਲੇ ਕਈ ਗੁਣਾ ਵਧ ਰਹੀ। ਸਵੇਰ ਦੇ ਸੈਸ਼ਨ ਵਿੱਚ 2830, ਦੁਪਹਿਰ ਦੀ ਪ੍ਰੀਖਿਆ ’ਚ 229 ਅਤੇ ਸ਼ਾਮ ਦੀ ਪ੍ਰੀਖਿਆ ਵਿੱਚ 2632 ਲੜਕੀਆਂ ਪ੍ਰੀਖਿਆ ਦੇਣ ਪਹੁੰਚੀਆਂ।
ਲੜਕੀਆਂ ਨੂੰ ਪਹਿਲੀ ਵਾਰ ਫ਼ੌਜ ਵਿੱਚ ਅਫਸਰ ਬਣਨ ਦਾ ਮਿਲੇਗਾ ਮੌਕਾ
ਫੌਜ ਦੇ ਸਾਬਕਾ ਕਰਨਲ ਅਤੇ ਮੈਰੀਟੋਰੀਅਸ ਸਕੂਲ ਦੇ ਸਾਬਕਾ ਪ੍ਰਿੰਸੀਪਲ ਕਰਨਲ ਅਮਰਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਇਹ ਪ੍ਰੀਖਿਆ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਦੇ ਵਿਦਿਆਰਥੀ ਹੀ ਦੇ ਸਕਦੇ ਸਨ ਪਰ ਇਸ ਵਾਰ +2 ਦੇ ਵਿਦਿਆਰਥੀਆਂ ਨੂੰ ਵੀ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਹੁਣ ਪਹਿਲੀ ਵਾਰ ਲੜਕੀਆਂ ਨੂੰ ਵੀ ਫੌਜ ਵਿੱਚ ਅਫਸਰ ਬਣਨ ਦਾ ਮੌਕਾ ਮਿਲੇਗਾ। ਲੜਕੀਆਂ ਵਿੱਚ ਵਧੇ ਉਤਸ਼ਾਹ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਸ ਪ੍ਰੀਖਿਆ ਲਈ ਇੱਕ ਲੱਖ ਤੋਂ ਵੀ ਵੱਧ ਲੜਕੀਆਂ ਨੇ ਫਾਰਮ ਭਰੇ ਹਨ। ਇਸ ਪ੍ਰੀਖਿਆ ਵਿੱਚੋਂ ਪਾਸ ਹੋਣ ਵਾਲੇ ਨੌਜਵਾਨਾਂ ਦੀ ਇੰਟਰਵਿਊ ਹੋਵੇਗੀ ਅਤੇ ਉਸ ਤੋਂ ਬਾਅਦ ਜੂਨ ਮਹੀਨੇ ਪੜ੍ਹਾਈ ਸ਼ੁਰੂ ਹੋਵੇਗੀ।