ਖੇਤਰੀ ਪ੍ਰਤੀਨਿਧ
ਲੁਧਿਆਣਾ, 26 ਦਸੰਬਰ
ਇਥੇ ਨਵਚੇਤਨਾ ਬਾਲ ਭਲਾਈ ਕਮੇਟੀ ਵੱਲੋਂ ਬਾਲ ਅਧਿਕਾਰਾਂ ਅਤੇ ਸਮਾਜਿਕ ਸੁਰੱਖਿਆ ਹੇਠ ਪ੍ਰਧਾਨ ਸੁਖਧੀਰ ਸੇਖੋਂ ਅਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਕੰਗ ਦੀ ਅਗਵਾਈ ਹੇਠ ਅਹਿਮ ਯਤਨ ਕੀਤੇ ਜਾ ਰਹੇ ਹਨ। ਪ੍ਰਧਾਨ ਸ੍ਰੀ ਸੇਖੋਂ ਅਤੇ ਡਾਕਟਰੀ ਮਾਹਰ ਡਾ. ਗੁਰਬਖਸ਼ ਕੌਰ ਨੇ ਦੱਸਿਆ ਕਿ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਹੇਠ 11 ਸਾਲ ਦੀ ਬੱਚੀ ਗੁਰਸਿਮਰਨ ਕੌਰ ਦੀ ਸਿਹਤ ਅਤੇ ਸਿੱਖਿਆ ਦੀ ਅਹਿਮ ਜ਼ਿੰਮੇਵਾਰੀ ਸੰਸਥਾ ਵੱਲੋਂ ਉਠਾਈ ਗਈ ਹੈ। ਇਸ ਮੌਕੇ ਸੰਸਥਾ ਦੇ ਸਿੱਖਿਆ ਮਾਹਰ ਪ੍ਰਿੰਸੀਪਲ ਕੀਰਤੀ ਸ਼ਰਮਾ ਨੇ ਦੱਸਿਆ ਕਿ ਨਵਚੇਤਨਾ ਵੱਲੋਂ ਬੱਚੀ ਨੂੰ ਮਹੀਨਾਵਾਰ ਵਜ਼ੀਫਾ, ਵਰਦੀ, ਸਟੇਸ਼ਨਰੀ ਅਤੇ ਹੋਰ ਜਰੂਰੀ ਚੀਜ਼ਾਂ ਮੁਹੱਈਆ ਕਰਨ ਦੇ ਨਾਲ-ਨਾਲ ਸਿਹਤ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਇਹ ਸਹੂਲਤਾਂ ਉਦੋਂ ਤੱਕ ਦਿੱਤੀਆਂ ਜਾਣਗੀਆਂ, ਜਦ ਤੱਕ ਇਹ ਬੱਚੀ ਪੜ੍ਹਨਾ ਚਾਹੇਗੀ। ਸੰਸਥਾ ਦੇ ਪ੍ਰਧਾਨ ਸ੍ਰੀ ਸੇਖੋਂ ਅਤੇ ਚੇਅਰਮੈਨ ਕੈਪਟਨ ਵੀਕੇ ਸਿਆਲ ਨੇ ਦੱਸਿਆ ਕਿ ਬੱਚੀ ਦੇ ਮਾਤਾ-ਪਿਤਾ ਨਹੀਂ ਹਨ। ਇਸ ਦੇ ਦਾਦਾ, ਦਾਦੀ ਵੱਲੋਂ ਹੀ ਬੱਚੀ ਨੂੰ ਪਾਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦਾ ਇੱਕੋ ਇੱਕ ਉਦੇਸ਼ ਕਿਸੇ ਵੀ ਬੱਚੇ ਨੂੰ ਮਜਬੂਰੀ ’ਚ ਸਕੂਲ ਛੱਡਣਾ ਨਾ ਪਵੇ। ਕਮੇਟੀ ਵਲੋਂ ਆਉਣ ਵਾਲੇ ਸਮੇਂ ’ਚ ਅਜਿਹੇ ਹੋਰ ਬੱਚਿਆਂ ਦੀ ਜ਼ਿੰਮੇਵਾਰੀ ਉਠਾਈ ਜਾਵੇਗੀ।