ਸਤਵਿੰਦਰ ਬਸਰਾ
ਲੁਧਿਆਣਾ, 28 ਮਾਰਚ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਅੱਜ ਅੰਤਰ-ਯੂਨੀਵਰਸਿਟੀ ਕੌਮੀ ਯੁਵਕ ਮੇਲਾ ਸ਼ੁਰੂ ਹੋ ਗਿਆ ਹੈ। ਮੇਲੇ ਦੇ ਪਹਿਲੇ ਦਿਨ ਦੇਸ਼ ਭਰ ’ਚੋਂ 120 ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਸਮਾਮ ਵਿੱਚ ਸ਼ਿਰਕਤ ਕਰਦਿਆਂ ਭਾਰਤ ਦੇ ਅਮੀਰ ਸੱਭਿਆਚਾਰ ਦੀ ਝਲਕ ਪੇਸ਼ ਕੀਤੀ।
ਥਾਪਰ ਹਾਲ ਤੋਂ ਓਪਨ ਏਅਰ ਥੀਏਟਰ ਤੱਕ ਸੱਭਿਆਚਾਰਕ ਵੰਨਗੀਆਂ ਪੇਸ਼ ਕਰਦੇ ਹੋਏ ਵਿਦਿਆਰਥੀ ਮੁੱਖ ਪੰਡਾਲ ਵਿੱਚ ਪਹੁੰਚੇ। ਯੁਵਕ ਮੇਲੇ ਦੇ ਆਰੰਭਕ ਸੈਸ਼ਨ ਦੀ ਪ੍ਰਧਾਨਗੀ ਪੀਏਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਵਿਸ਼ੇਸ਼ ਮਹਿਮਾਨਾਂ ਵਜੋਂ ਭਾਰਤੀ ਯੂਨੀਵਰਸਿਟੀ ਸੰਘ ਦੇ ਜਨਰਲ ਸਕੱਤਰ ਪੰਕਜ ਮਿੱਤਲ, ਸੰਘ ਦੇ ਸੱਭਿਆਚਾਰਕ ਮਾਮਲਿਆਂ ਦੇ ਜੁਆਇੰਟ ਸਕੱਤਰ ਬਲਜੀਤ ਸਿੰਘ ਸੇਖੋਂ ਅਤੇ ਪੰਜਾਬੀ ਗਾਇਕ ਜਸਬੀਰ ਜੱਸੀ ਮੌਜੂਦ ਸਨ।