ਖੇਤਰੀ ਪ੍ਰਤੀਨਿਧ
ਲੁਧਿਆਣਾ, 1 ਜੁਲਾਈ
ਸਿਹਤ ਵਿਭਾਗ ਵੱਲੋਂ ਅੱਜ ਸਿਵਲ ਸਰਜਨ ਦਫ਼ਤਰ ਵਿੱਚ ਕੌਮੀ ਡਾਕਟਰ ਦਿਵਸ ਮਨਾਇਆ ਗਿਆ। ਇਸ ਦੌਰਾਨ ਸ਼ਲਾਘਾਯੋਗ ਸੇਵਾਵਾਂ ਦੇਣ ਵਾਲੇ ਡਾਕਟਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਸਿਵਲ ਸਰਜਨ ਡਾ. ਐਸਪੀ ਸਿੰਘ ਨੇ ਕਿਹਾ ਕਿ ਡਾਕਟਰ ਸਮਾਜ ਦੇ ਸੱਚੇ ਸਾਥੀ ਹਨ। ਡਾਕਟਰ ਹਰ ਸਮੇਂ ਸਮਾਜ ਦੀ ਸੇਵਾ ਕਰਦੇ ਹਨ। ਪਰ ਕੋਵਿਡ-19 ਦੌਰਾਨ ਵਿਸ਼ਵ ਭਰ ਦੇ ਡਾਕਟਰਾਂ ਨੇ ਲੋਕਾਂ ਨੂੰ ਬਚਾਉਣ ਲਈ ਮੋਹਰੀ ਰੋਲ ਅਦਾ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਸਮੂਹ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਇਹ ਦਿਵਸ ਮਨਾਇਆ ਗਿਆ ਹੈ। ਇਸ ਦੌਰਾਨ ਡਾ. ਅਮਨਪ੍ਰੀਤ ਕੌਰ ਐਲਐਮ ਸਿਵਲ ਹਸਪਤਾਲ ਲੁਧਿਆਣਾ, ਡਾ. ਅਲਿਖ ਸਰੀਨ ਸਿਵਲ ਹਸਪਤਾਲ ਜਗਰਾਉਂ, ਡਾ. ਰੂਚੀ ਅਗਰਵਾਲ ਐਲਐਮ ਸਿਵਲ ਹਸਪਤਾਲ ਲੁਧਿਆਣਾ, ਡਾ. ਰੀਪੁਦਮਨ ਐਲਐਮ ਸਿਵਲ ਹਸਪਤਾਲ ਲੁਧਿਆਣਾ ਅਤੇ ਡਾ. ਤਾਰਿਕਜੋਤ ਸਿੰਘ ਸਿਵਲ ਹਸਪਤਾਲ ਸਮਰਾਲਾ ਦਾ ਸਨਮਾਨ ਕੀਤਾ ਗਿਆ।
ਮਾਛੀਵਾੜਾ (ਪੱਤਰ ਪ੍ਰੇਰਕ): ਸਥਾਨਕ ਮੁੱਢਲੇ ਸਿਹਤ ਕੇਂਦਰ ਵਿੱਚ ਸੇਵਾਵਾਂ ਨਿਭਾਅ ਰਹੇ ਡਾਕਟਰਾਂ ਨੂੰ ਅੱਜ ਮਾਛੀਵਾੜਾ ਸੋਸ਼ਲ ਵੈੱਲਫੇਅਰ ਸੁਸਾਇਟੀ ਵੱਲੋਂ ਡਾ. ਦਵਿੰਦਰ ਕੁਮਾਰ ਵਰਮਾ, ਡਾ. ਸੁਰਭੀ ਸ਼ਰਮਾ ਦਾ ਸਨਮਾਨ ਕੀਤਾ ਗਿਆ।
ਪਾਇਲ (ਪੱਤਰ ਪ੍ਰੇਰਕ): ਸੀਐੱਚਸੀ ਪਾਇਲ ਵਿੱਚ ਡਾਕਟਰ ਦਿਵਸ ਮਨਾਇਆ ਗਿਆ। ਇਸ ਸਮੇਂ ਸਮੂਹ ਵਰਕਰ, ਮੁਲਾਜ਼ਮ ਅਤੇ ਸਿਹਤ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ।
ਡੈਂਟਲ ਕਾਲਜ ਵੱਲੋਂ ਕੈਂਪ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਅਤੇ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੱਲੋਂ ਕੌਮੀ ਡਾਕਟਰ ਦਿਵਸ ਮੌਕੇ ਸੀਨੀਅਰ ਸਿਟੀਜਨ ਹੋਮ ਸਰਾਭਾ ਨਗਰ ਵਿੱੱਚ ਰੈੱਡ ਕਰਾਸ ਸੁਸਾਇਟੀ, ਸਰਾਭਾ ਨਗਰ ਦੇ ਸਹਿਯੋਗ ਨਾਲ ਦੰਦਾਂ ਦੀ ਜਾਂਚ, ਇਲਾਜ ਅਤੇ ਮੂੰਹ ਦੇ ਕੈਂਸਰ ਦੀ ਜਾਂਚ ਦਾ ਕੈਂਪ ਲਗਾਇਆ। ਕਾਲਜ ਚੇਅਰਮੈਨ ਬਾਬਾ ਅਨਹਦ ਰਾਜ ਸਿੰਘ ਦੀ ਸਰਪ੍ਰਸਤੀ ਹੇਠ ਲੱਗੇ ਕੈਂਪ ਦੌਰਾਨ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਬਲਬੀਰ ਚੰਦ ਨੇ ਡਾਕਟਰਾਂ ਨੂੰ ਰਾਸ਼ਟਰੀ ਡਾਕਟਰ ਦਿਵਸ ਦੀ ਵਧਾਈ ਵੀ ਦਿੱਤੀ। ਕਾਲਜ ਦੇ ਡਾਕਟਰਾਂ ਨੇ ਕੈਂਪ ਵਿੱਚ 200 ਤੋਂ ਵੱਧ ਲੋਕਾਂ ਦੇ ਦੰਦਾਂ ਦਾ ਨਿਰੀਖਣ ਕੀਤਾ ਗਿਆ।