ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 18 ਸਤੰਬਰ
ਪੰਜਾਬ ਸਰਕਾਰ ਵਲੋਂ ਕੈਬਨਿਟ ਮੀਟਿੰਗ ਦੌਰਾਨ ਨੈਸ਼ਨਲ ਕਾਲਜ ਫਾਰ ਵਿਮੈਨ ਨੂੰ ਸਰਕਾਰੀ ਦਰਜਾ ਮਿਲਣ ’ਤੇ ਅੱਜ ਵਿਸ਼ੇਸ਼ ਤੌਰ ’ਤੇ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਅਤੇ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਮਾਛੀਵਾੜਾ ਪੁੱਜੇ, ਜਿੱਥੇ ਉਨ੍ਹਾਂ ਇਸ ਦਾ ਰਸਮੀ ਤੌਰ ’ਤੇ ਐਲਾਨ ਕੀਤਾ। ਇਸ ਮੌਕੇ ਐੱਮ.ਪੀ. ਡਾ. ਅਮਰ ਸਿੰਘ ਤੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਲਾਕੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਨੈਸ਼ਨਲ ਕਾਲਜ ਨੂੰ ਸਰਕਾਰੀ ਦਰਜਾ ਦਿਵਾਉਣਗੇ, ਜਿਸ ਨੂੰ ਸਰਕਾਰ ਵਲੋਂ ਪੂਰਾ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਸਰਕਾਰੀ ਕਾਲਜ ਇਲਾਕੇ ਦੇ ਵਿਦਿਆਰਥੀਆਂ ਲਈ ਵਰਦਾਨ ਸਾਬਿਤ ਹੋਵੇਗਾ ਕਿਉਂਕਿ ਹੁਣ ਨਾਮਾਤਰ ਫੀਸਾਂ ਤੇ ਵਧੀਆ ਸਹੂਲਤਾਂ ਨਾਲ ਵਿਦਿਆਰਥੀ ਉੱਚ ਸਿੱਖਿਆ ਪ੍ਰਾਪਤ ਕਰ ਆਪਣਾ ਭਵਿੱਖ ਉੱਜਵਲ ਬਣਾ ਸਕਣਗੇ। ਕਿਸਾਨੀ ਮੁੱਦਿਆਂ ’ਤੇ ਗੱਲਬਾਤ ਕਰਦਿਆਂ ਡਾ. ਅਮਰ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਹਰੇਕ ਲੋਕ ਸਭਾ ਸੈਸ਼ਨ ਦੌਰਾਨ ਖੇਤੀਬਾੜੀ ਕਾਲੇ ਕਾਨੂੰਨ ਰੱਦ ਕਰ ਕਿਸਾਨਾਂ ਦੇ ਹੱਕ ਵਿਚ ਅਵਾਜ਼ ਉੱਠਾਈ ਹੈ। ਕਾਲਜ ਪ੍ਰਬੰਧਕ ਕਮੇਟੀ ਅਤੇ ਸਮੂਹ ਸਟਾਫ਼ ਵਲੋਂ ਕਾਲਜ ਨੂੰ ਸਰਕਾਰੀ ਦਰਜਾ ਮਿਲਣ ਦੀ ਖੁਸ਼ੀ ’ਚ ਕੇਕ ਵੀ ਕੱਟਿਆ ਗਿਆ। ਇਸ ਮੌਕੇ ਕਾਂਗਰਸੀ ਆਗੂ ਕਾਮਲ ਬੋਪਾਰਾਏ, ਪ੍ਰਦੇਸ਼ ਖਜ਼ਾਨਚੀ ਕਮਲਜੀਤ ਸਿੰਘ ਢਿੱਲੋਂ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ਼ਕਤੀ ਆਨੰਦ, ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ ਵੀ ਮੌਜੂਦ ਸਨ।
ਮੋਦੀ ਨੇ ਐੱਮਪੀ ਕੋਟੇ ਦੇ ਫੰਡ ਬੰਦ ਕੀਤੇ: ਅਮਰ ਸਿੰਘ
ਡਾ. ਅਮਰ ਸਿੰਘ ਤੋਂ ਜਦੋਂ ਪ੍ਰਬੰਧਕ ਕਮੇਟੀ ਤੇ ਪ੍ਰਿੰਸੀਪਲ ਨੇ ਮੰਗ ਰੱਖੀ ਕਿ ਕਾਲਜ ਦੀ ਦਿੱਖ ਨੂੰ ਸੁਧਾਰਨ ਅਤੇ ਨਾਲ ਹੀ ਚੱਲਦੇ ਮਾਤਾ ਹਰਦੇਈ ਸੀਨੀਅਰ ਸੈਕੰਡਰੀ ਸਕੂਲ ਲਈ ਆਪਣੇ ਅਖਤਿਆਰੀ ਕੋਟੇ ’ਚੋਂ ਫੰਡ ਦੇ ਕੇ ਜਾਣ ਤਾਂ ਐੱਮਪੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਗ੍ਰਾਂਟਾ ਜਾਰੀ ਕਰਨ ਲਈ, ਜੋ ਫੰਡ ਹੈ ਉਹ ਬੰਦ ਕੀਤਾ ਹੋਇਆ ਹੈ ਅਤੇ ਅਗਲੇ ਸਾਲ ਜਦੋਂ ਵੀ ਇਸ ਤੋਂ ਰੋਕ ਹਟੇਗੀ ਤਾਂ ਉਹ ਪਹਿਲ ਦੇ ਆਧਾਰ ’ਤੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੂੰ ਗ੍ਰਾਂਟਾ ਲਈ ਰਾਸ਼ੀ ਦੇਣਗੇ।