ਖੇਤਰੀ ਪ੍ਰਤੀਨਿਧ
ਲੁਧਿਆਣਾ 13 ਅਕਤੂਬਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸ਼ਹਿਦ ਮੱਖੀ ਪਾਲਣ ਬਾਰੇ ਆਲ ਇੰਡੀਆ ਕੋਆਰਡੀਨੇਟਿਡ ਖੋਜ ਪ੍ਰਾਜੈਕਟ ਨੂੰ ਭਾਰਤ ਦੇ 26 ਕੇਂਦਰਾਂ ਵਿੱਚੋਂ ਭਾਰਤੀ ਖੇਤੀ ਖੋਜ ਪਰਿਸ਼ਦ, ਨਵੀਂ ਦਿੱਲੀ ਵੱਲੋਂ ‘ਸਰਬੋਤਮ ਖੋਜ ਕੇਂਦਰ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਪੀਏਯੂ ਕੇਂਦਰ ਵੱਲੋਂ ਸ਼ਹਿਦ ਮੱਖੀ ਪਾਲਣ ਬਾਰੇ ਖੋਜ ਦੇ ਖੇਤਰ ਵਿੱਚ ਕੀਤੇ ਗਏ ਸ਼ਾਨਦਾਰ ਯੋਗਦਾਨ ਲਈ ਦਿੱਤਾ ਗਿਆ ਹੈ। ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਬਿੀਰ ਸਿੰਘ ਗੋਸਲ ਨੇ ਇਸ ਪੁਰਸਕਾਰ ਲਈ ਪੀਏਯੂ ਦੇ ਕੀਟ ਵਿਗਿਆਨੀਆਂ, ਵਿਸ਼ੇਸ਼ ਤੌਰ ’ਤੇ ਸ਼ਹਿਦ ਮੱਖੀ ਖੋਜ ਟੀਮ ਨੂੰ ਵਧਾਈ ਦਿੱਤੀ ਹੈ। ਵਿਭਾਗ ਦੇ ਮੁਖੀ ਡਾ. ਡੀਕੇ ਸ਼ਰਮਾ ਨੇ ਦੱਸਿਆ ਕਿ ਪੀਏਯੂ ਨੇ ਮਧੂਮੱਖੀ ਪਾਲਣ ਵਿੱਚ 2021-22 ਦੌਰਾਨ 18,500 ਮੀਟਰਿਕ ਟਨ ਸ਼ਹਿਦ ਪੈਦਾ ਕਰਕੇ ਸੂਬੇ ਦੀ ਅਗਵਾਈ ਕੀਤੀ ਹੈ।
ਖੇਤੀ ਜੰਗਲਾਤ ਵਿਗਿਆਨੀਆਂ ਨੂੰ ਕੌਮੀ ਪੱਧਰ ’ਤੇ ਮਾਨਤਾ ਮਿਲੀ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਜੰਗਲਾਤ ਵਿਗਿਆਨੀਆਂ ਨੇ ਕੇਂਦਰੀ ਖੇਤੀ ਜੰਗਲਾਤ ਖੋਜ ਕੇਂਦਰ ਝਾਂਸੀ ਵਿੱਚ ਕਰਵਾਏ ਗਏ ਆਲ ਇੰਡੀਆ ਕੋਆਰਡੀਨੇਟ ਰਿਸਰਚ ਪ੍ਰਾਜੈਕਟ, ਆਈਸੀਏਆਰ ਦੀ ਸਾਲਾਨਾ ਮੀਟਿੰਗ ਦੌਰਾਨ ਫੋਟੋਗ੍ਰਾਫੀ ਐਵਾਰਡ ਹਾਸਲ ਕੀਤਾ ਹੈ। ਮੀਟਿੰਗ ਦੌਰਾਨ ਦੇਸ਼ ਦੇ ਹਿਮਾਲੀਅਨ ਜ਼ੋਨ, ਇੰਡੋ-ਗੈਂਗਟਿਕ ਜ਼ੋਨ, ਨਮੀ ਅਤੇ ਉਪ-ਨਮੀ ਜ਼ੋਨ, ਖੁਸ਼ਕ ਅਤੇ ਅਰਧ-ਖੁਸ਼ਕ ਜ਼ੋਨ ਅਤੇ ਟ੍ਰੌਪੀਕਲ ਜ਼ੋਨ ਦੇ 36 ਕੇਂਦਰਾਂ ’ਤੇ ਕੀਤੇ ਜਾ ਰਹੇ ਖੋਜ ਕਾਰਜਾਂ ਦੀ ਸਮੀਖਿਆ ਅਤੇ ਮੁਲਾਂਕਣ ਕੀਤਾ ਗਿਆ। ਪੀਏਯੂ ਦੇ ਖੇਤੀ ਜੰਗਲਾਤ ਕੇਂਦਰ ਦੇ ਖੋਜ ਕਾਰਜ ਨੂੰ ਕੌਮੀ ਪੱਧਰ ’ਤੇ ਮਾਨਤਾ ਦਿੰਦਿਆਂ ਟੀਮ ਦਾ ਸਨਮਾਨ ਕੀਤਾ ਗਿਆ।