ਖੇਤਰੀ ਪ੍ਰਤੀਨਿਧ
ਲੁਧਿਆਣਾ, 10 ਜੁਲਾਈ
ਕਿਸਾਨੀ ਸੰਘਰਸ਼ ਦੇ ਪਹਿਲੇ ਦਿਨ ਤੋਂ ਜਿੱਤ ਤੱਕ ਲੁਧਿਆਣਾ ਅਤੇ ਹੋਰ ਸ਼ਹਿਰਾਂ ਤੋਂ ਦਿੱਲੀ ਦੇ ਸਿੰਘੂ ਅਤੇ ਹੋਰ ਮੋਰਚਿਆਂ ਲਈ ਗਏ ਕਿਸਾਨਾਂ ਲਈ ਵੱਖ ਵੱਖ ਨਾਅਰੇ ਲਿਖ ਕਿ ਦੇਣ ਵਾਲਾ ਦਵਿੰਦਰ ਸਿੰਘ ਨਾਗੀ ਅੱਜ ਵਾਤਾਵਰਨ ਪ੍ਰੇਮੀਆਂ ਵੱਲੋਂ ਮੱਤੇਵਾੜਾ ਜੰਗਲ ਅਤੇ ਸਤਲੁਜ ਬਚਾਉਣ ਲਈ ਕਰਵਾਏ ਸਮਾਗਮ ਵਿੱਚ ਵੀ ਨਾਅਰੇ ਲਿਖਣ ਲਈ ਪਹੁੰਚਿਆ। ਇਸ ਮੌਕੇ ਸ੍ਰੀ ਨਾਗੀ ਨਾਲ ਉਸ ਦੀ ਧੀ ਵੀ ਮੌਜੂਦ ਸੀ। ਵੱਖ-ਵੱਖ ਨਾਅਰਿਆਂ ਨਾਲ ਲਿਖੇ ਪੋਸਟਰ ਬਣਾਉਣ ਵਾਲਾ ਨਾਗੀ ਇੱਕ ਨਿੱਜੀ ਸਕੂਲ ਵਿੱਚ ਆਰਟ ਅਧਿਆਪਕ ਵਜੋਂ ਸੇਵਾਵਾਂ ਨਿਭਾਅ ਰਿਹਾ ਹੈ। ਉਸ ਦਾ ਮੰਨਣਾ ਹੈ ਕਿ ਕਾਲੇ ਖੇਤੀ ਕਾਨੂੰਨਾਂ ਦੀ ਤਰ੍ਹਾਂ ਵਾਤਾਵਰਨ ਨੂੰ ਬਚਾਉਣ ਦਾ ਮੁੱਦਾ ਵੀ ਪੰਜਾਬੀਆਂ ਲਈ ਅਹਿਮ ਹੈ। ਇਸ ਮੁੱਦੇ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਹੀ ਅੱਜ ਉਹ ਇੱਥੇ ਆਇਆ ਹੈ। ਇਸ ਮੌਕੇ ਉਸ ਨੇ ‘ਮੱਤੇਵਾੜਾ ਬਚਾਓ ਪੰਜਾਬ ਬਚਾਓ’ ਆਦਿ ਦੇ ਪੋਸਟਰ ਤਿਆਰ ਕਰਕੇ ਸਮਾਗਮ ਵਿੱਚ ਪਹੁੰਚੇ ਲੋਕਾਂ ਵਿੱਚ ਵੰਡੇ। ਸ੍ਰੀ ਨਾਗੀ ਨੇ ਕਿਹਾ ਕਿ ਸਾਡੇ ਪੰਜਾਬ ਵਿੱਚ ਪਹਿਲਾਂ ਹੀ ਜੰਗਲ ਖਤਮ ਹੋ ਗਏ ਅਤੇ ਹੁਣ ਮੱਤੇਵਾੜਾ ਦੇ ਜੰਗਲਾਂ ’ਤੇ ਸਰਕਾਰ ਅੱਖ ਰੱਖੀ ਬੈਠੀ ਹੈ।