ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 20 ਜੂਨ
ਨੇੜਲੇ ਪਿੰਡ ਮਲਕ ’ਚ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਵਿਲੱਖਣਤਾ ਇਹ ਸੀ ਕਿ ਸਿੱਖ ਸੰਗਤ ਨੇ ਗੁਰੂ ਸਾਹਿਬ ਦੀ ਪਾਲਕੀ ਨੂੰ ਮੋਢਿਆਂ ’ਤੇ ਚੁੱਕਿਆ ਹੋਇਆ ਸੀ ਅਤੇ ਗਲੀ-ਗਲੀ ਪਿੰਡ ਦੀ ਪਰਿਕਰਮਾ ਕਰਦਾ ਹੋਇਆ ਨਗਰ ਕੀਰਤਨ ਸਮਾਪਤ ਹੋਇਆ। ਗੁਰਦੁਆਰਾ ਭਗਤ ਰਵਿਦਾਸ ਦੀ ਪ੍ਰਬੰਧਕੀ ਕਮੇਟੀ, ਨਗਰ ਨਿਵਾਸੀਆਂ ਅਤੇ ਦੋਵਾਂ ਪੰਚਾਇਤਾਂ ਅਤੇ ਦੂਸਰੇ ਗੁਰੂ ਘਰਾਂ ਦੇ ਸਹਿਯੋਗ ਨਾਲ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਦਾ ਪ੍ਰਬੰਧ ਕੀਤਾ ਗਿਆ। ਪੰਜ ਪਿਆਰਿਆਂ ਦੀ ਅਗਵਾਈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਗੁਰੂ ਸਾਹਿਬ ਦੀ ਸੁੰਦਰ ਫੁੱਲਾਂ ਨਾਲ ਸਜਾਈ ਪਾਲਕੀ ਨੂੰ ਸਿੱਖੀ ਬਾਣੇ ’ਚ ਸਜੇ ਸਿੰਘਾਂ ਨੇ ਆਪਣੇ ਮੋਢਿਆਂ ’ਤੇ ਰੱਖਿਆ ਹੋਇਆ ਸੀ। ਗੁਰੂ ਸਾਹਿਬ ਨੂੰ ਲੈ ਕੇ ਸਿੰਘ ਦੋਵਾਂ ਪਿੰਡਾਂ ਪੱਤੀ ਜਗਰਾਉਂ ਅਤੇ ਮਲਕ ਦੀਆਂ ਗਲੀਆਂ ’ਚ ਘਰ ਘਰ ਫੇਰਾ ਪੁਆਉਣ ਲਈ ਪੁੱਜੇ।