ਸੰਤੋਖ ਗਿੱਲ
ਰਾਏਕੋਟ, 7 ਸਤੰਬਰ
ਤਹਿਸੀਲ ਰਾਏਕੋਟ ਦੇ ਪਿੰਡ ਝੋਰੜਾਂ ਵਾਸੀ ਇੰਦਰਜੀਤ ਸਿੰਘ (40) ਪੁੱਤਰ ਗੁਰਮੁਖ ਸਿੰਘ ਦੀ ਭੇਤ-ਭਰੀ ਹਾਲਤ ਵਿੱਚ ਲਾਸ਼ ਉਸ ਦੇ ਘਰ ਵਿਚੋਂ ਹੀ ਮਿਲੀ ਹੈ। ਮ੍ਰਿਤਕ ਇੰਦਰਜੀਤ ਸਿੰਘ ਦੀ ਮਾਤਾ ਬਲਵੀਰ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਹਠੂਰ ਦੀ ਪੁਲੀਸ ਨੇ ਜ਼ਾਬਤਾ ਫ਼ੌਜਦਾਰੀ ਦੀ ਧਾਰਾ 174 ਅਧੀਨ ਕੇਸ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ। ਥਾਣਾ ਮੁਖੀ ਸਬ-ਇੰਸਪੈਕਟ ਹਰਦੀਪ ਸਿੰਘ ਅਨੁਸਾਰ ਮ੍ਰਿਤਕ ਦੀ ਲਾਸ਼ ਕਬਜ਼ੇ ਵਿਚ ਲੈ ਲਈ ਹੈ, ਪੋਸਟਮਾਰਟਮ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।
ਮ੍ਰਿਤਕ ਦੀ ਪਤਨੀ ਕਿਰਨਪ੍ਰੀਤ ਕੌਰ ਅਨੁਸਾਰ ਉਸ ਦਾ ਪਤੀ ਈਕੋ ਸਿੱਖ ਸੰਸਥਾ ਦੇ ਪੱਤੋ ਹੀਰਾ ਸਿੰਘ ਗੁਰੂਘਰ ’ਚ ਸੇਵਾ ਨਿਭਾਉਂਦਾ ਸੀ। ਰਾਤ ਕਰੀਬ 9 ਵਜੇ ਗੁਰਦੁਆਰਾ ਸੁੱਖ ਸਾਗਰ ਸਾਹਿਬ ਵਿਚ ਕੀਰਤਨ ਬਾਅਦ ਘਰ ਆਇਆ ਸੀ ਅਤੇ ਖਾਣਾ ਖਾ ਕੇ ਸੌਂ ਗਿਆ। ਉਸ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਬੱਚਿਆਂ ਨੂੰ ਸਕੂਲ ਬੱਸ ਵਿਚ ਚੜ੍ਹਾ ਕੇ ਵਾਪਸ ਆਈ ਤਾਂ ਇੰਦਰਜੀਤ ਆਪਣੇ ਬਿਸਤਰ ਵਿਚ ਮ੍ਰਿਤਕ ਮਿਲਿਆ। ਸ਼ੱਕ ਦੀ ਸੂਈ ਉਸ ਸਮੇਂ ਘੁੰਮ ਗਈ ਜਦੋਂ ਫੋਰੈਂਸਿਕ ਟੀਮ ਨੂੰ ਮੌਕੇ ‘ਤੇ ਜਾਂਚ ਬਾਅਦ ਮ੍ਰਿਤਕ ਦੇ ਸਰੀਰ ’ਤੇ ਕੁਝ ਸੱਟਾਂ ਦੇ ਨਿਸ਼ਾਨ ਮਿਲੇ ਅਤੇ ਘਰ ਦੇ ਲਾਗੇ ਕੱਪੜੇ ਦੀ ਦੁਕਾਨ ਬਾਹਰ ਲੱਗੇ ਕੈਮਰੇ ਵੀ ਰਾਤ 11.30 ਤੋਂ ਕਰੀਬ ਤਿੰਨ ਘੰਟੇ ਤੱਕ ਬੰਦ ਮਿਲੇ।
ਪੋਸਮਾਰਟ ਦੀ ਰਿਪੋਰਟ ਮਗਰੋਂ ਕਾਰਵਾਈ ਕੀਤੀ ਜਾਵੇਗੀ: ਡੀਐੱਸਪੀ
ਰਾਏਕੋਟ ਦੀ ਉਪ ਪੁਲੀਸ ਕਪਤਾਨ ਪ੍ਰਭਜੋਤ ਕੌਰ ਨੇ ਹਾਲਾਤਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਕਿਹਾ ਕਿ ਇੰਦਰਜੀਤ ਸਿੰਘ ਦੀ ਭੇਤਭਰੀ ਹਾਲਤ ਵਿਚ ਮਿਲੀ ਲਾਸ਼ ਦਾ ਪੋਸਟਮਾਰਟਮ ਡਾਕਟਰਾਂ ਦੀ ਟੀਮ ਵੱਲੋਂ ਕਰਵਾਇਆ ਜਾਵੇਗਾ, ਮੌਤ ਦੇ ਕਾਰਨਾਂ ਬਾਰੇ ਤੱਥ ਸਾਹਮਣੇ ਆਉਣ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।