ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਜੁਲਾਈ
ਸਨਅਤੀ ਸ਼ਹਿਰ ਦੇ ਵਪਾਰੀ ਨੂੰ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਕੇ ਉਸ ਦੀ ਲਾਸ਼ ਨੂੰ ਸਤਲੁਜ ਦਰਿਆ ਦੇ ਕੰਢੇ ’ਤੇ ਸੁੱਟ ਦਿੱਤਾ ਗਿਆ। ਪਿੰਡ ਸਸਰਾਲੀ ਦੇ ਰਹਿਣ ਵਾਲੇ ਬਲਕਾਰ ਸਿੰਘ ਦਾ ਬਿਲਡਿੰਗ ਮਟੀਰੀਅਲ ਦਾ ਕਾਰੋਬਾਰ ਹੈ ਤੇ ਉਹ ਲਾਪਤਾ ਚੱਲ ਰਿਹਾ ਸੀ। ਪਤਾ ਨਾ ਲੱਗਣ ’ਤੇ ਉਸ ਦੀ ਗੱਡੀ ’ਚ ਲੱਗੇ ਜੀਪੀਐਸ ਸਿਸਟਮ ਨੂੰ ਚੈੱਕ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਗੱਡੀ ਦਰਿਆ ਦੇ ਕੋਲ ਹੀ ਲਾਵਾਰਿਸ ਹਾਲਤ ’ਚ ਖੜ੍ਹੀ ਹੈ। ਜਿੱਥੋਂ ਕੁਝ ਦੂਰੀ ’ਤੇ ਬਲਕਾਰ ਦੀ ਲਾਸ਼ ਮਿਲੀ ਹੈ। ਸੂਚਨਾ ਮਿਲਦੇ ਹੀ ਏਡੀਸੀਪੀ-4 ਤੁਸ਼ਾਰ ਗੁਪਤਾ ਤੇ ਏਸੀਪੀ ਵੈਸਟ ਗੁਰਦੇਵ ਸਿੰਘ ਪੁਲੀਸ ਟੀਮ ਨਾਲ ਮੌਕੇ ’ਤੇ ਪੁੱਜ ਗਏ। ਪੁਲੀਸ ਨੇ ਇਸ ਮਾਮਲੇ ’ਚ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਬਲਕਾਰ ਸਿੰਘ ਦੇ ਭਰਾ ਸਤਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਦਾ ਤਾਜਪੁਰ ਰੋਡ ’ਤੇ ਬਿਲਡਿੰਗ ਮਟੀਰੀਅਲ ਦਾ ਸਟੋਰ ਹੈ ਤੇ ਉਹ ਸਾਰਾ ਕੰਮ ਸੰਭਾਲਦਾ ਸੀ। ਉਹ ਵੀਰਵਾਰ ਨੂੰ ਦੁਕਾਨ ਤੋਂ ਕੰਮ ਖ਼ਤਮ ਕਰ ਕੇ ਘਰ ਲਈ ਨਿਕਲਿਆ ਸੀ ਪਰ ਦੇਰ ਰਾਤ ਤੱਕ ਘਰ ਨਹੀਂ ਪਹੁੰਚਿਆ। ਇਸ ਤੋਂ ਬਾਅਦ ਪਰਿਵਾਰ ਵਾਲੇ ਕਾਫ਼ੀ ਪ੍ਰੇਸ਼ਾਨ ਸਨ। ਉਨ੍ਹਾਂ ਹਰ ਤਰੀਕੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਸਦਾ ਕੁਝ ਪਤਾ ਨਹੀਂ ਲੱਗ ਰਿਹਾ ਸੀ।
ਏਸੀਪੀ ਗੁਰਦੇਵ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦਾ ਹਾਲੇ ਕੁਝ ਪਤਾ ਨਹੀਂ ਲੱਗਿਆ ਹੈ। ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ। ਉਸ ਦੀ ਕਾਲ ਡੀਟੇਲ ਚੈਕ ਕਰਵਾਉਣ ਸਣੇ ਕਈ ਪਹਿਲੂਆਂ ’ਤੇ ਜਾਂਚ ਕੀਤੀ ਜਾ ਰਹੀ ਹੈ।