ਗਗਨਦੀਪ ਅਰੋੜਾ
ਲੁਧਿਆਣਾ, 22 ਅਗਸਤ
ਦੋਸਤਾਂ ਦੇ ਨਾਲ ਸ਼ਰਾਬ ਪੀਣ ਲਈ ਨਿਕਲੇ ਮੁਹੱਲਾ ਗੋਬਿੰਦਸਰ ਸਥਿਤ ਜੀਤੋ ਮਾਰਕੀਟ ਵਾਸੀ ਬਜਿੰਦਰ ਸਿੰਘ ਦੀ ਅਣਪਛਾਤੇ ਕਾਤਲਾਂ ਨੇ ਕੁੱਟਮਾਰ ਕੀਤੀ ਤੇ ਇੱਟ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਮੁਲਜ਼ਮ ਲਾਸ਼ ਨੂੰ ਆਟੋ ਵਿੱਚ ਹੀ ਰੱਖ ਕੇ ਫ਼ਰਾਰ ਹੋ ਗਏ। ਸਾਰੀ ਰਾਤ ਬਜਿੰਦਰ ਘਰ ਨਹੀਂ ਆਇਆ ਤਾਂ ਉਸ ਦਾ ਭਰਾ ਅਰਵਿੰਦਰ ਸਿੰਘ ਉਰਫ਼ ਕਾਲਾ ਉਸ ਨੂੰ ਲੱਭਣ ਨਿਕਲਿਆ। ਰਸਤੇ ’ਚ ਬਰੋਟਾ ਰੋਡ ਕੋਲ ਇੱਕ ਆਟੋ ਨੂੰ ਭੀੜ ਘੇਰੀ ਖੜ੍ਹੀ ਸੀ। ਜਦੋਂ ਉਸ ਨੇ ਦੇਖਿਆ ਤਾਂ ਉਸ ਦੇ ਭਰਾ ਦਾ ਆਟੋ ਸੀ ਤੇ ਅੰਦਰ ਉਸ ਦੇ ਭਰਾ ਦੀ ਲਾਸ਼ ਪਈ ਸੀ। ਉਸ ਨੇ ਤੁਰੰਤ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਦੇ ਉਚ ਅਧਿਕਾਰੀ ਤੇ ਥਾਣਾ ਸ਼ਿਮਲਾਪੁਰੀ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਜਾਂਚ ਤੋਂ ਬਾਅਦ ਬਜਿੰਦਰ ਦੀ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਥਾਣਾ ਸ਼ਿਮਲਾਪੁਰੀ ਪੁਲੀਸ ਨੇ ਇਸ ਮਾਮਲੇ ’ਚ ਅਰਵਿੰਦਰ ਸਿੰਘ ਉਰਫ਼ ਕਾਲਾ ਦੀ ਸ਼ਿਕਾਇਤ ’ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਅਰਵਿੰਦਰ ਸਿੰਘ ਉਰਫ਼ ਕਾਲਾ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਸ ਦਾ ਭਰਾ ਆਟੋ ਚਲਾਉਂਦਾ ਸੀ ਤੇ ਉਸ ਦਾ ਵਿਆਹ ਨਹੀਂ ਹੋਇਆ ਸੀ। ਐਤਵਾਰ ਦੀ ਰਾਤ ਨੂੰ ਕਰੀਬ 8 ਵਜੇ ਉਹ ਘਰ ਪੁੱਜਿਆ। ਘਰ ਬੈਠਾ ਉਹ ਖਾਣਾ ਖਾ ਰਿਹਾ ਤਾਂ ਉਸ ਦੇ ਕਿਸੇ ਜਾਣਕਾਰ ਦਾ ਫੋਨ ਆਇਆ ਕਿ ਉਹ ਇਕੱਠੇ ਬੈਠ ਕੇ ਸ਼ਰਾਬ ਪੀਣਗੇ। ਇਸ ਦੌਰਾਨ ਬਜਿੰਦਰ ਘਰ ਮਾਂ ਨੂੰ ਇਹ ਆਖ ਗਿਆ ਕਿ ਜੇ ਉਹ ਅੱਧੇ ਘੰਟੇ ਤੱਕ ਨਾ ਆਇਆ ਤਾਂ ਉਹ ਦਰਵਾਜ਼ਾ ਬੰਦ ਕਰਕੇ ਸੌਂ ਜਾਵੇ। ਦੇਰ ਰਾਤ 11 ਵਜੇ ਬਜਿੰਦਰ ਸਿੰਘ ਦੀ ਆਪਣੀ ਭੈਣ ਨਾਲ ਗੱਲ ਹੋਈ ਸੀ। ਭੈਣ ਨੇ ਗੁੱਸੇ ’ਚ ਆਖ ਦਿੱਤਾ ਕਿ ਉਹ ਸੌਣ ਲੱਗੇ ਹਨ ਜੇ ਉਹ ਘਰ ਨਾ ਆਇਆ ਤਾਂ ਬਾਹਰ ਹੀ ਰਹੇ। ਇਸ ਤੋਂ ਬਾਅਦ ਬਜਿੰਦਰ ਘਰ ਨਹੀਂ ਆਇਆ। ਸਵੇਰ ਹੁੰਦੇ ਹੀ ਅਰਵਿੰਦਰ ਆਪਣੇ ਭਰਾ ਨੂੰ ਲੱਭਣ ਲਈ ਨਿਕਲ ਪਿਆ। ਘਰ ਤੋਂ ਕੁਝ ਦੂਰੀ ’ਤੇ ਉਹ ਪੁੱਜਿਆ ਤਾਂ ਭੀੜ ਇੱਕ ਆਟੋ ਨੂੰ ਘੇਰ ਕੇ ਖੜ੍ਹੀ ਸੀ। ਉਹ ਰੁਕਿਆ ਤੇ ਦੇਖਿਆ ਤਾਂ ਆਟੋ ਉਸ ਦੇ ਭਰਾ ਦਾ ਸੀ ਅਤੇ ਆਟੋ ਅੰਦਰ ਉਸ ਦੇ ਭਰਾ ਦੀ ਲਾਸ਼ ਪਈ ਸੀ, ਜਿਸ ਨੂੰ ਦੇਖ ਉਹ ਹੈਰਾਨ ਹੋ ਗਿਆ। ਥਾਣਾ ਸ਼ਿਮਲਾਪੁਰੀ ਦੇ ਐੱਸਐੱਚਓ ਇੰਸਪੈਕਟਰ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਹਾਲੇ ਤੱਕ ਦੀ ਜਾਂਚ ’ਚ ਇਹੀ ਸਾਹਮਣੇ ਆਇਆ ਹੈ ਕਿ ਬਜਿੰਦਰ ਨੇ ਕੁਝ ਨੌਜਵਾਨਾਂ ਦੇ ਨਾਲ ਬੈਠ ਕੇ ਸ਼ਰਾਬ ਪੀਤੀ ਤੇ ਉਨ੍ਹਾਂ ਦੀ ਕਿਸੇ ਗੱਲ ਤੋਂ ਬਹਿਸ ਹੋਈ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਦਾ ਕਤਲ ਕਰ ਦਿੱਤਾ ਤੇ ਲਾਸ਼ ਆਟੋ ’ਚ ਛੱਡ ਕੇ ਫ਼ਰਾਰ ਹੋ ਗਏ। ਉਨ੍ਹਾਂ ਕਿਹਾ ਕਿ ਆਸਪਾਸ ਦੇ ਸੀਸੀਟੀਵੀ ਕੈਮਰੇ ਚੈਕ ਕੀਤੇ ਜਾ ਰਹੇ ਹਨ। ਅਣਪਛਾਤੇ ਕਾਤਲਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਜਲਦੀ ਹੀ ਮੁਲਜ਼ਮਾਂ ਦਾ ਪਤਾ ਲਾ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।