ਗੁਰਿੰਦਰ ਸਿੰਘ
ਲੁਧਿਆਣਾ, 21 ਜੁਲਾਈ
ਸਥਾਨਕ ਸਾਊਥ ਸਿਟੀ ਸਥਿਤ ਸ਼ਰਾਬ ਦੇ ਠੇਕੇ ਦਾ ਮੁਲਾਜ਼ਮ ਆਪਣੇ ਸਾਥੀ ਮੁਲਾਜ਼ਮ ਦਾ ਕਤਲ ਕਰਨ ਤੋਂ ਬਾਅਦ ਫਰਾਰ ਹੋ ਗਿਆ ਜਿਸ ਦੀ ਪੁਲੀਸ ਵੱਲੋਂ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕ ਮੁਲਾਜ਼ਮ ਦੀ ਸ਼ਨਾਖਤ ਸੁਭਾਸ਼ ਜੈਸਵਾਲ (37) ਵਜੋਂ ਕੀਤੀ ਗਈ ਹੈ ਜੋ ਰਾਤ ਨੂੰ ਸ਼ਰਾਬ ਦੇ ਠੇਕੇ ਦੇ ਅੰਦਰ ਹੀ ਰਹਿੰਦਾ ਸੀ। ਥਾਣਾ ਪੀਏਯੂ ਦੇ ਐਸਐਚਓ ਇੰਸਪੈਕਟਰ ਪਰਮਦੀਪ ਸਿੰਘ ਨੇ ਦੱਸਿਆ ਹੈ ਕਿ ਮੁਲਜ਼ਮ ਦੀ ਸ਼ਨਾਖਤ ਮਨਪ੍ਰੀਤ ਸਿੰਘ ਮਨੀ (32) ਵਜੋਂ ਕੀਤੀ ਗਈ ਹੈ ਜੋ ਦੋ ਮਹੀਨੇ ਪਹਿਲਾਂ ਹੀ ਸ਼ਰਾਬ ਠੇਕੇ ’ਤੇ ਡਰਾਈਵਰ ਵਜੋਂ ਭਰਤੀ ਹੋਇਆ ਸੀ। ਉਨ੍ਹਾਂ ਦੱਸਿਆ ਕਿ ਮਨਪ੍ਰੀਤ ਸ਼ਰਾਬ ਦੇ ਡੱਬੇ ਗੱਡੀ ਵਿੱਚ ਲੈ ਕੇ ਜਾਂਦਾ ਸੀ ਅਤੇ ਕੁਝ ਦਿਨ ਪਹਿਲਾਂ ਹੀ ਮਨਪ੍ਰੀਤ ਅਤੇ ਸੁਭਾਸ਼ ਦਾ ਗੱਡੀ ਵਿਚੋਂ ਸ਼ਰਾਬ ਦੇ ਡੱਬੇ ਉਤਾਰਨ ਨੂੰ ਲੈ ਕੇ ਬਹਿਸ ਦੌਰਾਨ ਝਗੜਾ ਹੋਇਆ ਸੀ। ਮਨਪ੍ਰੀਤ ਸ਼ਰਾਬ ਦੇ ਡੱਬਿਆਂ ਨਾਲ ਭਰੀ ਗੱਡੀ ਠੇਕੇ ’ਤੇ ਲੈ ਆਇਆ ਅਤੇ ਜਦੋਂ ਸੁਭਾਸ਼ ਡੱਬਿਆਂ ਨੂੰ ਉਤਾਰ ਰਿਹਾ ਸੀ ਤਾਂ ਉਸ ਨੇ ਮਨਪ੍ਰੀਤ ਤੋਂ ਮਦਦ ਮੰਗੀ ਪਰ ਉਸ ਵੱਲੋ ਨਾਂਹ ਕਰਨ ਤੇ ਦੋਹਾਂ ਵਿੱਚ ਮੁੜ ਬਹਿਸ ਹੋ ਗਈ ਜਿਸ ’ਤੇ ਇੱਕ ਹੋਰ ਮੁਲਾਜ਼ਮ ਬਲਵਿੰਦਰ ਸਿੰਘ ਨੇ ਦਖਲ ਦਿੰਦਿਆਂ ਦੋਹਾਂ ਨੂੰ ਸਮਝਾ ਕੇ ਅਲੱਗ ਅਲੱਗ ਕਰ ਦਿੱਤਾ। ਘਟਨਾ ਦੇ ਗਵਾਹ ਬਲਵਿੰਦਰ ਸਿੰਘ ਨੇ ਪੁਲੀਸ ਨੂੰ ਦੱਸਿਆ ਹੈ ਕਿ ਲਗਪਗ 11 ਵਜੇ ਮਨਪ੍ਰੀਤ ਠੇਕੇ ’ਤੇ ਜਦੋਂ ਵਾਪਸ ਆਇਆ ਤਾਂ ਉਸ ਵਕਤ ਉਹ ਸੌਣ ਦੀ ਤਿਆਰੀ ਕਰ ਰਹੇ ਸਨ। ਮਨਪ੍ਰੀਤ ਨੇ ਸ਼ਟਰ ਵਿੱਚ ਬਣੀ ਹੋਈ ਖਿੜਕੀ ਵਿੱਚੋਂ ਸੁਭਾਸ਼ ਜੈਸਵਾਲ ਨਾਲ ਗਾਲੀ ਗਲੋਚ ਕੀਤੀ। ਇਸ ਦੌਰਾਨ ਜਿਵੇਂ ਹੀ ਸੁਭਾਸ਼ ਖਿੜਕੀ ਦੇ ਨੇੜੇ ਆਇਆ ਤਾਂ ਮਨਪ੍ਰੀਤ ਨੇ ਉਸ ਉਪਰ ਖਿੜਕੀ ਵਿੱਚੋਂ ਹੀ ਤਲਵਾਰ ਨਾਲ ਵਾਰ ਕਰ ਦਿੱਤਾ ਜਿਸ ਨਾਲ ਸੁਭਾਸ਼ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਮਨਪ੍ਰੀਤ ਫਰਾਰ ਹੋ ਗਿਆ।
ਟਰਾਂਸਪੋਰਟਰ ਦੀ ਕੁੱਟਮਾਰ
ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲੀਸ ਨੇ ਰੰਜਿਸ਼ ਕਾਰਨ ਕੀਤੀ ਇੱਕ ਟਰਾਂਸਪੋਰਟਰ ਦੀ ਕੁੱਟਮਾਰ ਦੇ ਦੋਸ਼ ਅਧੀਨ ਛੇ ਜਣਿਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ਼ ਕੀਤਾ ਹੈ। ਇਸ ਸਬੰਧੀ ਜਨਤਾ ਕਾਲੋਨੀ ਗਿੱਲ ਵਾਸੀ ਕੁਲਦੀਪ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਹ ਆਪਣੇ ਦੋਸਤ ਗੁਰਦੀਪ ਸਿੰਘ ਨਾਲ ਟਰਾਂਸਪੋਰਟ ਦਾ ਕੰਮ ਖਤਮ ਕਰਕੇ ਘਰ ਜਾ ਰਿਹਾ ਸੀ ਤਾਂ ਪ੍ਰਤਾਪ ਚੌਕ ਨੇੜੇ 5-6 ਜਣਿਆਂ ਨੇ ਉਨ੍ਹਾਂ ਦੀ ਕਾਰ ਰੋਕ ਕੇ ਹਮਲਾ ਕਰ ਦਿੱਤਾ। ਪੁਲੀਸ ਨੇ ਵਿਜੇ ਗਿਗਯਾਨੀ, ਸਿਤਾਰਾ, ਹਰਜੋਤ ਸਿੰਘ, ਦੁਬੇ ਅਤੇ ਦੋ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।