ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 16 ਜੁਲਾਈ
ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਈਡਬਲਿਊਐੱਸ ਕਲੋਨੀ ਵਾਸੀ ਸਵਨ ਕੁਮਾਰ ਨੂੰ ਮੁਲਜ਼ਮਾਂ ਨੇ ਸਿਰ ’ਤੇ ਤੇਜ਼ਧਾਰ ਹਥਿਆਰ ਮਾਰ ਕੇ ਬੀਤੇ ਕੱਲ੍ਹ ਕਤਲ ਕਰ ਦਿੱਤਾ ਸੀ। ਸਿਰ ਦੀਆਂ ਹੱਡੀਆਂ ਟੁੁੱਟਣ ਨਾਲ ਹੀ ਸਵਨ ਦੀ ਮੌਤ ਹੋਈ ਸੀ। ਡਾ. ਚਰਨ ਕਮਲ ਤੇ ਡਾ. ਮੋਨਿਕਾ ਦੀ ਅਗਵਾਈ ’ਚ 2 ਡਾਕਟਰਾਂ ਦੇ ਬੋਰਡ ਨੇ ਅੱਜ ਸਵਨ ਦੀ ਲਾਸ਼ ਦਾ ਪੋਸਟਮਾਰਟਮ ਕੀਤਾ। ਇਸ ’ਚ ਇਹ ਸਾਰੀ ਗੱਲ ਖੁੱਲ੍ਹ ਕੇ ਸਾਹਮਣੇ ਆਈ। ਇਸ ਤੋਂ ਇਲਾਵਾ ਥਾਣਾ ਡਿਵੀਜ਼ਨ ਨੰ. 2 ਦੀ ਪੁਲੀਸ ਨੇ ਸਵਨ ਦੇ ਕਤਲ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਸਾਹਿਲ ਬਿਰਲਾ ਤੇ ਅਭਿਸ਼ੇਕ ਨੂੰ ਅਦਾਲਤ ’ਚ ਪੇਸ਼ ਕੀਤਾ। ਥਾਣਾ ਡਿਵੀਜ਼ਨ ਨੰਬਰ 2 ਦੇ ਐੱਸਐੱਚਓ ਇੰਸਪੈਕਟਰ ਨਰਦੇਵ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਚਾਰ ਦਿਨਾਂ ਰਿਮਾਂਡ ’ਤੇ ਹਨ। ਪੁਲੀਸ ਦੀਆਂ ਵੱਖ-ਵੱਖ ਟੀਮਾਂ ਫ਼ਰਾਰ ਚੱਲ ਰਹੇ ਵਿਸ਼ਾਲ, ਸਾਹਿਲ, ਸੋਰਪੀ, ਅੰਕੁਰ, ਮਨੂ ਉਰਫ਼ ਮੰਦ ਤੇ ਵਿਕਾਸ ਦੀ ਭਾਲ ’ਚ ਲੱਗੀਆਂ ਹੋਈਆਂ ਹਨ। ਇੰਸਪੈਕਟਰ ਨਰਦੇਵ ਸਿੰਘ ਨੇ ਦੱਸਿਆ ਕਿ ਜਲਦੀ ਹੀ ਫ਼ਰਾਰ ਚੱਲ ਰਹੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲੀਸ ਨੂੰ ਫ਼ਰਾਰ ਚੱਲ ਰਹੇ ਪੰਜ ਮੁਲਜ਼ਮਾਂ ਬਾਰੇ ਕੁਝ ਸਬੂਤ ਮਿਲੇ ਹਨ। ਜ਼ਿਕਰਯੋਗ ਹੈ ਕਿ ਈਡਬਲਯੂਐੰਸ ਕਲੋਨੀ ਵਾਸੀ ਸਵਨ ਕੁਮਾਰ ਨੂੰ ਵੀਰਵਾਰ ਦੀ ਦੇਰ ਰਾਤ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦਾਖਲ ਹੋ ਕੇ ਮੁਲਜ਼ਮਾਂ ਨੇ ਕਤਲ ਕਰ ਦਿੱਤਾ ਸੀ।