ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 30 ਜੁਲਾਈ
ਸ਼ਹਿਰ ਅਹਿਮਦਗੜ੍ਹ ਵਿੱਚ ਕੁਝ ਘੰਟੇ ਮੀਂਹ ਪੈਣ ਤੋਂ ਬਾਅਦ ਹੀ ਸੜਕਾਂ ਗਲੀਆਂ ਸੀਵਰੇਜ ਦੇ ਗੰਦੇ ਪਾਣੀ ਨਾਲ ਭਰ ਜਾਂਦੀਆਂ ਹਨ ਅਤੇ ਸਰਕਾਰੀ ਦਫ਼ਤਰਾਂ ਤੇ ਸਕੂਲਾਂ ਦੇ ਨਾਲ-ਨਾਲ ਨਿੱਜੀ ਅਦਾਰਿਆਂ ਦੇ ਵਿਹੜੇ ਵੀ ਪਾਣੀ ਨਾਲ ਭਰ ਜਾਂਦੇ ਹਨ। ਹੋਰ ਵੀ ਮਾੜੀ ਗੱਲ ਇਹ ਹੈ ਕਿ ਜਿਹੜੇ ਚੁਣੇ ਹੋਏ ਕੌਂਸਲਰਾਂ ਕੋਲ ਇਹੋ ਜਿਹੇ ਹਾਲਾਤਾਂ ਵਿੱਚ ਕੋਈ ਫਰਿਆਦ ਕਰਨੀ ਹੁੰਦੀ ਹੈ ਉਹ ਬੀਤੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪ੍ਰਧਾਨਗੀਆਂ ਬਚਾਉਣ ਅਤੇ ਹਟਾਉਣ ਵਿੱਚ ਮਸ਼ਰੂਫ਼ ਹਨ।
ਲੋਕਾਂ ਨੇ ਮੰਗ ਕੀਤੀ ਹੈ ਕਿ ਜੇ ਨਗਰ ਕੌਂਸਲ ਦਾ ਮੌਜੂਦਾ ਢਾਂਚਾ ਸਹੀ ਢੰਗ ਨਾਲ ਕੰਮ ਨਹੀਂ ਕਰਦਾ ਤਾਂ ਐੱਸਡੀਐੱਮ ਅਹਿਮਦਗੜ੍ਹ ਨੂੰ ਪ੍ਰਸ਼ਾਸਕ ਲਗਵਾ ਕੇ ਸਹੂਲਤਾਂ ਪ੍ਰਦਾਨ ਕਰਵਾਈਆਂ ਜਾਣ। ਅੱਜ ਤੜਕਸਾਰ ਸ਼ਹਿਰ ਦਾ ਦੌਰਾ ਕਰਨ ਤੋਂ ਬਾਅਦ ਦੇਖਿਆ ਗਿਆ ਕਿ ਰੇਲਵੇ ਰੋਡ, ਅਮਰਪੁਰਾ, ਧੂਲਕੋਟ ਰੋਡ, ਬਜਰੰਗ ਅਖਾੜਾ ਰੋਡ, ਮਹਾਵੀਰ ਰੋਡ, ਜੰਡਾਲੀ ਰੋਡ, ਛੰਨਾ ਰੋਡ, ਜਵਾਹਰ ਨਗਰ, ਗੁਰੂ ਨਾਨਕ ਪੁਰਾ, ਬੂਟਾ ਚੱਕੀ ਮੁਹੱਲਾ, ਚਾਂਦ ਸਿਨੇਮਾ ਰੋਡ, ਗਊਸ਼ਾਲਾ ਰੋਡ ਅਤੇ ਰਿੰਗ ਰੋਡ ਇਲਾਕੇ ਪਾਣੀ ਨਾਲ ਭਰੇ ਹੋਏ ਸਨ ਅਤੇ ਕਈ ਘਰਾਂ ਵਾਲਿਆਂ ਨੂੰ ਆਪਣੇ ਦਰਵਾਜ਼ਿਆਂ ਅੱਗੇ ਰੋਕਾਂ ਲਗਾ ਕੇ ਪਾਣੀ ਅੰਦਰ ਜਾਣ ਤੋਂ ਰੋਕਣਾ ਪਿਆ ਸੀ। ਇੱਥੋਂ ਤੱਕ ਕਿ ਨਗਰ ਕੌਂਸਲ ਦਾ ਆਪਣਾ ਦਫ਼ਤਰ, ਜਿੱਥੇ ਜਾ ਕੇ ਲੋਕਾਂ ਨੇ ਆਪਣੇ ਦੁਖੜੇ ਰੋਣੇ ਸਨ, ਉਹ ਵੀ ਪਾਣੀ ਨਾਲ ਭਰਿਆ ਹੋਇਆ ਸੀ। ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਚੰਦਰ ਪ੍ਰਕਾਸ਼ ਵਧਵਾ ਨੇ ਕਿਹਾ ਕਿ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸ਼ਹਿਰ ਦੇ ਨੀਵੇਂ ਇਲਾਕਿਆਂ ਤੋਂ ਪਾਣੀ ਦੇ ਨਿਕਾਸ ਲਈ ਵਾਧੂ ਪ੍ਰਬੰਧ ਕੀਤੇ ਜਾਣ। ਉਨ੍ਹਾਂ ਦਾਅਵਾ ਕੀਤਾ ਕਿ ਹਾਲ ਹੀ ਵਿੱਚ ਸੀਵਰੇਜ ਦੀ ਕਰਵਾਈ ਗਈ ਸਫ਼ਾਈ ਤੋਂ ਬਾਅਦ ਸਮੱਸਿਆ ਪਹਿਲੇ ਸਾਲਾਂ ਨਾਲੋਂ ਘੱਟ ਹੋਈ ਹੈ।