ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਜਨਵਰੀ
ਲੁਧਿਆਣਾ ਦੇ ਮੰਤਰੀ ਦੀ ਨਜ਼ਦੀਕੀ ਇਸ਼ਤਿਹਾਰੀ ਕੰਪਨੀ ’ਤੇ ਖੰਗਾਲ ਹੋਇਆ ਨਗਰ ਨਿਗਮ ਲੁਧਿਆਣਾ ਕਾਫ਼ੀ ਦਰਿਆਦਿਲੀ ਦਿਖਾ ਰਿਹਾ ਹੈ। ਨਗਰ ਨਿਗਮ ਨੇ ਕਰੋਨਾ ਦਾ ਡਰ ਦਸਦੇ ਹੋਏ ਇਸ਼ਤਿਹਾਰੀ ਕੰਪਨੀ ਦਾ ਸਾਲਾਨਾ 23 ਕਰੋੜ ਰੁਪਏ ਵਾਲੇ ਠੇਕੇ ਦੇ ਪੈਸੇ ਘਟਾ ਕੇ ਸਿਰਫ਼ 4 ਕਰੋੜ ਰੁਪਏ ਕਰ ਦਿੱਤੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਸਭ ਕੁੱਝ ਹੋਣ ਦੇ ਬਾਵਜੂਦ ਸ਼ਹਿਰ ਵਿੱਚ ਵਿਰੋਧੀ ਧਿਰ ਦੇ ਸਿਆਸੀ ਆਗੂ ਵੀ ਮੂੰਹ ’ਤੇ ਚੁੱਪੀ ਧਾਰੀ ਬੈਠੇ ਹਨ। ਦੂਜੇ ਪਾਸੇ ਨਗਰ ਨਿਗਮ ਨੇ ਫੰਡ ਨਾ ਹੋਣ ਕਾਰਨ ਸ਼ਹਿਰ ਵਿੱਚ ਵਿਕਾਸ ਕਾਰਜ ਕਰਵਾਉਣ ਲਈ 100 ਕਰੋੜ ਰੁਪਏ ਦਾ ਕਰਜ਼ ਲੈਣ ਦਾ ਮਤਾ ਪਾਸ ਕੀਤਾ ਹੈ। ਸਥਾਨਕ ਸਰਕਾਰਾਂ ਦੇ ਮੰਤਰੀ ਰਹਿੰਦੇ ਹੋਏ ਜਿਸ ਅਕਾਲੀ ਦਲ ਦੇ ਮੰਤਰੀ ਦੇ ਖਾਸਮ ਖਾਸ ਤੋਂ ਟੈਂਡਰ ਖੋਹ ਕੇ ਨਵੀਂ ਕੰਪਨੀ ਨੂੰ ਨਵਜੋਤ ਸਿੰਘ ਸਿੱਧੂ ਨੇ ਟੈਂਡਰ ਦਿੱਤਾ ਸੀ, ਉਸ ਨੇ ਫਿਰ ਲੁਧਿਆਣਾ ਵਿੱਚ ਕਾਂਗਰਸੀ ਮੰਤਰੀ ਦੇ ਨਾਲ ਮਿਲ ਕੇ ਨਗਰ ਨਿਗਮ ਦੇ ਫੰਡਾਂ ਨੂੰ ਚੂਨਾ ਲਗਾ ਦਿੱਤਾ ਹੈ। ਇਸ਼ਤਿਹਾਰੀ ਕੰਪਨੀ ਨੇ ਕਰੋਨਾ ਦੇ ਨਾਂ ’ਤੇ ਨਗਰ ਨਿਗਮ ਨੇ ਚਿੱਠੀ ਲਿਖੀ ਸੀ ਕਿ ਕਰੋਨਾ ਕਾਰਨ ਉਨ੍ਹਾਂ ਨੂੰ ਕੋਈ ਇਸ਼ਤਿਹਾਰ ਨਹੀਂ ਦੇ ਰਿਹਾ। ਕੰਪਨੀ ਦੀ ਇੱਕੋ ਚਿੱਠੀ ’ਤੇ ਨਗਰ ਨਿਗਮ ਨੇ 23 ਕਰੋੜ ਰੁਪਏ ਦੀ ਥਾਂ ਇਸ ਕੰਪਨੀ ਨੂੰ ਚਾਰ ਕਰੋੜ ਸਾਲਾਨਾ ਵਿੱਚ ਇਹ ਠੇਕਾ ਦੇ ਦਿੱਤਾ। ਇੰਨਾ ਹੀ ਨਹੀਂ ਇਸ ਨੂੰ ਚੁੱਪ ਚੁਪੀਤੇ ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ ਵਿੱਚ ਪਾਸ ਵੀ ਕਰਵਾ ਲਿਆ।
ਹਾਲਾਂਕਿ, ਇਸ ਵਿੱਚ ਇੱਕ ਗੱਲ ਇਹ ਵੀ ਲਿਖ ਦਿੱਤੀ ਗਈ ਕਿ ਕੰਪਨੀ ਨੇ 50 ਫੀਸਦੀ ਸਾਈਟਾਂ ਨਗਰ ਨਿਗਮ ਨੂੰ ਵਾਪਸ ਕਰ ਦਿੱਤੀਆਂ ਹਨ, ਇਸ ਕਰਕੇ ਨਗਰ ਨਿਗਮ ਨੇ ਠੇਕਾ ਚਾਰ ਕਰੋੜ ਰੁਪਏ ਕਰ ਦਿੱਤਾ ਹੈ। ਮੇਅਰ ਬਲਕਾਰ ਸਿੰਘ ਸੰਧੂ ਨੇ ਕਿਹਾ ਕਿ ਕਰੋਨਾ ਕਾਰਨ ਇਸ਼ਤਿਹਾਰ ਕੰਪਨੀ ਨੇ ਸਰਕਾਰ ਕੋਲ ਅਪੀਲ ਕੀਤੀ ਸੀ ਕਿ ਉਨ੍ਹਾਂ ਦੀ ਰਾਸ਼ੀ ’ਚ ਕਟੌਤੀ ਕੀਤੀ ਜਾਵੇ। ਜਿਸ ਤੋਂ ਬਾਅਦ ਅੱਧੀ ਇਸ਼ਤਿਹਾਰੀ ਸਾਈਟਾਂ ਖਾਲੀ ਕਰ ਦਿੱਤੀਆਂ ਗਈਆਂ। ਇਹ ਖਾਲੀ ਸਾਈਟਾਂ ਨਿਗਮ ਦੇ ਕੋਲ ਹਨ। ਬਾਕੀ ਕੰਪਨੀ ਦੀ ਦੋ ਰਾਸ਼ੀ ਵਿੱਚ ਕਟੌਤੀ ਕੀਤੀ ਗਈ ਹੈ, , ਉਹ ਸਰਕਾਰ ਦੇ ਪੱਧਰ ’ਤੇ ਕੀਤੀ ਗਈ ਹੈ। ਅਸੀਂ ਉਸ ਨੂੰ ਲਾਗੂ ਕੀਤਾ ਹੈ।
ਵਧੀਆਂ ਸਾਈਟਾਂ ਰੱਖ ਬਾਕੀ ਨਗਰ ਨਿਗਮ ਨੂੰ ਕਰ ਦਿੱਤੀਆਂ ਵਾਪਸ
ਮੰਤਰੀ ਦੀ ਨਜ਼ਦੀਕੀ ਇਸ਼ਤਿਹਾਰੀ ਕੰਪਨੀ ਦੇ ਅਧਿਕਾਰੀਆਂ ਨੇ ਕਾਫ਼ੀ ਚਲਾਕੀ ਖੇਡਦੇ ਹੋਏ ਨਗਰ ਨਿਗਮ ਨੂੰ ਉਹ 50 ਫੀਸਦੀ ਸਾਈਟਾਂ ਵਾਪਸ ਕਰ ਦਿੱਤੀਆਂ ਹਨ, ਜਿਨ੍ਹਾਂ ਦੀ ਲੋਕੇਸ਼ਨ ਸਹੀ ਨਹੀਂ ਹੈ। ਵਧੀਆ ਸਾਈਟਾਂ ਉਨ੍ਹਾਂ ਨੇ ਆਪਣੇ ਕੋਲ ਰੱਖ ਲਈਆਂ ਹਨ ਤੇ 23 ਕਰੋੜ ਰੁਪਏ ਦੀ ਥਾਂ ਸਲਾਨਾ ਠੇਕਾ ਸਿਰਫ਼ 4 ਕਰੋੜ ਰੁਪਏ ਵਿੱਚ ਲੈ ਲਿਆ ਹੈ।
ਅਕਾਲੀਆਂ ਵੇਲੇ ਤੇ ਹੁਣ ਵੀ ਇੱਕੋ ਠੇਕੇਦਾਰ
ਪਿਛਲੀ ਵਾਰ ਅਕਾਲੀ-ਭਾਜਪਾ ਸਰਕਾਰ ਵੇਲੇ ਵੀ ਇਹੀ ਠੇਕੇਦਾਰ ਲੁਧਿਆਣਾ ਤੋਂ ਅਕਾਲੀ ਮੰਤਰੀ ਦਾ ਖਾਸ ਸੀ, ਹੁਣ ਪਿਛਲੇ ਪੰਜ ਸਾਲਾਂ ਤੋਂ ਇਹੀ ਠੇਕੇਦਾਰ ਲੁਧਿਆਣਾ ਤੋਂ ਹੀ ਕਾਂਗਰਸ ਦੇ ਮੰਤਰੀ ਦਾ ਵੀ ਖਾਸਮ ਖਾਸ ਹੈ। ਦੋਵੇਂ ਸਰਕਾਰਾਂ ਦੇ ਵਿੱਚ ਇਸ ਦੀ ਬੱਲੇ ਬੱਲੇ ਹੋ ਰਹੇ ਹਨ।