ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਜਨਵਰੀ
ਸਮਾਰਟ ਸਿਟੀ ਲੁਧਿਆਣਾ ਵਿੱਚ ਬੀਤੇ ਦਿਨ ਤੋਂ ਪੈ ਰਹੇ ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ਦੇ ਹਾਲਾਤ ਕਾਫ਼ੀ ਬੁਰੇ ਹੋ ਗਏ ਹਨ। ਮੀਂਹ ਕਾਰਨ ਸ਼ਹਿਰ ਵਿੱਚ ਚਿੱਕੜ ਹੀ ਚਿੱਕੜ ਫੈਲਿਆ ਹੋਇਆ ਹੈ, ਜਿਸ ਕਾਰਨ ਲੋਕਾਂ ਨੂੰ ਅੱਜ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸੇ ਦੇ ਚਲਦੇ ਸ਼ਹਿਰ ਦੀਆਂ ਸੜਕਾਂ ’ਤੇ ਟਰੈਫਿਕ ਜਾਮ ਵਰਗੇ ਹਾਲਾਤ ਰਹੇ। ਉਧਰ, ਮੌਸਮ ਵਿਗਿਆਨੀਆਂ ਦੀ ਮੰਨੀਏ ਤਾਂ 8 ਜਨਵਰੀ ਤੱਕ ਅਜਿਹਾ ਹੀ ਮੌਸਮ ਰਹਿਣ ਦੇ ਆਸਾਰ ਹਨ। ਇਸਦੇ ਨਾਲ ਹੀ ਤਾਪਮਾਨ ਵਿੱਚ ਵੀ ਗਿਰਾਵਟ ਵੇਖਣ ਨੂੰ ਮਿਲੇਗੀ। ਲੁਧਿਆਣਾ ਵਿੱਚ ਬੁੱਧਵਾਰ ਤੜਕੇ ਤੋਂ ਹੀ ਹਲਕਾ ਮੀਂਹ ਪੈ ਰਿਹਾ ਹੈ, ਜਿਸ ਕਰਕੇ ਲੋਕਾਂ ਨੂੰ ਅੱਜ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦੀਆਂ ਸੜਕਾਂ ’ਤੇ ਮੀਂਹ ਦਾ ਪਾਣੀ ਤਾਂ ਜ਼ਿਆਦਾ ਨਹੀਂ ਖੜ੍ਹਾ ਪਰ ਥਾਂ-ਥਾਂ ਚਿੱਕੜ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੋਕ ਜ਼ਿਆਦਾ ਖੱਜਲ ਫਿਰੋਜ਼ ਗਾਂਧੀ ਮਾਰਕੀਟ, ਘੁਮਾਰ ਮੰਡੀ, ਚੌੜਾ ਬਾਜ਼ਾਰ ਤੇ ਸਰਾਭਾ ਨਗਰ ਦੀ ਮਾਰਕੀਟ ਵਿੱਚ ਹੋਏ ਕਿਉਂਕਿ ਇੱਥੇ ਲੋਕ ਗੱਡੀਆਂ ਪਾਰਕਿੰਗ ਵਿੱਚ ਲਗਾ ਕੇ ਪੈਦਲ ਦੀ ਖਰੀਦਦਾਰੀ ਕਰਨ ਜਾਂਦੇ ਹਨ।
ਵਿਕਾਸ ਕਾਰਜਾਂ ਵਾਲੀਆਂ ਥਾਵਾਂ ’ਤੇ ਲੋਕ ਹੋਏ ਖੱਜਲ
ਵਿਧਾਨ ਸਭਾ ਚੋਣਾਂ ਕਾਰਨ ਸ਼ਹਿਰ ਵਿੱਚ ਕਈ ਥਾਵਾਂ ’ਤੇ ਵਿਕਾਸ ਕਾਰਜ ਚੱਲ ਰਹੇ ਹਨ, ਇਸ ਕਰਕੇ ਇਨ੍ਹਾਂ ਇਲਾਕਿਆਂ ਵਿੱਚ ਮੀਂਹ ਕਾਰਨ ਲੋਕਾਂ ਨੂੰ ਵੱਧ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਵਿੱਚ ਪੱਖੋਵਾਲ ਰੋਡ ਆਰਯੂਬੀ ਕਾਰਨ ਹੀਰੋ ਬੇਕਰੀ ਵਾਲੀ ਰੋਡ ’ਤੇ ਲੋਕ ਕਾਫ਼ੀ ਪ੍ਰੇਸ਼ਾਨ ਦਿੱਖੇ, ਇਸੇ ਤਰ੍ਹਾਂ ਫਿਰੋਜ਼ਪੁਰ ਰੋਡ ’ਤੇ ਚੱਲ ਰਹੇ ਐਲੀਵੇਟੇਡ ਰੋਡ ਕਾਰਨ ਭਾਰਤ ਨਗਰ ਚੌਕ ਤੋਂ ਲੈ ਕੇ ਫਿਰੋਜ਼ਪੁਰ ਰੋਡ ਚੁੰਗੀ ਤੱਕ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਝੱਲਣੀ ਪਈ। ਇਸ ਤੋਂ ਇਲਾਵਾ ਹੈਬੋਵਾਲ ਇਲਾਕੇ ਵਿੱਚ ਵੀ ਸੀਵਰੇਜ ਦਾ ਕੰਮ ਚੱਲਦਾ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਖੱਜਲ ਹੋਏ।