ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 7 ਜੂਨ
ਥਾਣਾ ਡਿਵੀਜ਼ਨ ਨੰਬਰ ਚਾਰ ਦੇ ਇਲਾਕੇ ਵਿੱਚ ਦੋ ਮੋਟਰਸਾਈਕਲਾਂ ’ਤੇ ਆਏ ਚਾਰ ਜਣੇ ਇੱਕ ਰੇਲਵੇ ਮੁਲਾਜ਼ਮ ਨੂੰ ਲੁੱਟ ਕੇ ਲੈ ਗਏ ਹਨ ਜਦੋਂ ਉਹ ਤੜਕੇ ਡਿਊਟੀ ਤੋਂ ਵਾਪਸ ਘਰ ਜਾ ਰਿਹਾ ਸੀ। ਇਸ ਬਾਰੇ ਚੰਦਰ ਨਗਰ ਭੋਰਾ ਵਾਸੀ ਸੁਧੀਰ ਕੁਮਾਰ ਨੇ ਦੱਸਿਆ ਹੈ ਕਿ ਉਹ ਰੇਲਵੇ ਵਿਭਾਗ ਵਿੱਚ ਪਾਇਲਟ ਵਜੋਂ ਡਿਊਟੀ ਕਰਦਾ ਹੈ। ਰਾਤ ਦੀ ਡਿਊਟੀ ਖਤਮ ਕਰਕੇ ਜਦੋਂ ਉਹ ਤੜਕੇ ਤਿੰਨ ਵਜੇ ਐਕਟਿਵਾ ਸਕੂਟਰ ’ਤੇ ਆਪਣੇ ਘਰ ਜਾ ਰਿਹਾ ਸੀ ਤਾਂ ਗਾਂਧੀ ਮਾਰਕੀਟ ਚੌਂਕ ਕੋਲ ਮੋਟਰਸਾਈਕਲ ਸਵਾਰ ਚਾਰ ਨੌਜਵਾਨਾਂ ਨੇ ਉਸ ਨੂੰ ਤੇਜ਼ਧਾਰ ਹਥਿਆਰ ਵਿਖਾ ਕੇ ਰੋਕ ਲਿਆ ਅਤੇ ਉਸ ਦਾ ਬੈਗ ਖੋਹਕੇ ਫ਼ਰਾਰ ਹੋ ਗਏ। ਬੈਗ ਵਿੱਚ ਵਾਕੀ ਟਾਕੀ ਸੈੱਟ ਤੇ ਹੋਰ ਦਸਤਾਵੇਜ਼ ਸਨ। ਥਾਣੇਦਾਰ ਅਵਤਾਰ ਸਿੰਘ ਨੇ ਦੱਸਿਆ ਹੈ ਕਿ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਲਈ ਕਾਰਵਾਈ ਕੀਤੀ ਜਾ ਰਹੀ ਹੈ।