ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 26 ਅਗਸਤ
ਗਰਮੀ ਦੇ ਮੌਸਮ ’ਚ ਸ਼ਹਿਰ ਦੇ ਵੱਡੇ ਹਿੱਸੇ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੋ ਹਫ਼ਤੇ ਤੋਂ ਪੰਜ ਵਾਰਡਾਂ ਦੀ ਵੱਸੋਂ ਪਾਣੀ ਨੂੰ ਤਰਸ ਗਈ ਹੈ। ਸਵੇਰੇ ਥੋੜ੍ਹਾ ਪਾਣੀ ਆਉਣ ਮਗਰੋਂ ਸਾਰਾ ਦਿਨ ਲੋਕ ਟੂਟੀਆਂ ਵੱਲ ਝਾਕਦੇ ਰਹਿੰਦੇ ਹਨ। ਪੁਰਾਣੀ ਦਾਣਾ ਮੰਡੀ ’ਚ ਲੱਗੀ ਵੱਡੀ ਮੋਟਰ ਖ਼ਰਾਬ ਹੋਣ ਕਰਕੇ ਇਹ ਸਮੱਸਿਆ ਪੈਦਾ ਹੋਈ ਹੈ। ਇਸੇ ਪੰਪ ਤੋਂ ਦਾਣਾ ਮੰਡੀ ਦੇ ਨੇੜਲੇ ਸ਼ਹਿਰ ਦੇ ਵੱਡੇ ਹਿੱਸੇ ਨੂੰ ਪਾਣੀ ਸਪਲਾਈ ਹੁੰਦਾ ਹੈ। ਮੰਡੀ ’ਚ ਮੌਜੂਦ ਦੁਕਾਨਾਂ ਤੇ ਘਰਾਂ ਤੋਂ ਇਲਾਵਾ ਲਾਜਪਤ ਰਾਏ ਰੋਡ, ਕਾਲਜ ਰੋਡ, ਪਟੇਲ ਨਗਰ, ਸ਼ਾਸਤਰੀ ਨਗਰ, ਨਹਿਰੂ ਮਾਰਕੀਟ ਆਦਿ ’ਚ ਪਾਣੀ ਦੀ ਘਾਟ ਪਾਈ ਜਾ ਰਹੀ ਹੈ। ਇਨ੍ਹਾਂ ਇਲਾਕਿਆਂ ਨਾਲ ਸਬੰਧਤ ਕੌਂਸਲਰ ਅਨਮੋਲ ਬਾਵਾ ਅਤੇ ਡਿੰਪਲ ਗੋਇਲ ਨੇ ਮੰਨਿਆ ਕਿ ਦਸ ਦਿਨ ਤੋਂ ਇਹ ਸਮੱਸਿਆ ਪੈਦਾ ਹੋਈ ਹੈ। ਲੋਕਾਂ ਵੱਲੋਂ ਧਿਆਨ ਦਿਵਾਉਣ ’ਤੇ ਉਨ੍ਹਾਂ ਨਗਰ ਕੌਂਸਲ ਅਧਿਕਾਰੀਆਂ ਨੂੰ ਇਹ ਦੂਰ ਕਰਨ ਲਈ ਕਿਹਾ ਸੀ। ਇਕ ਹੋਰ ਕੌਂਸਲਰ ਅਤੇ ਪ੍ਰਧਾਨ ਜਤਿੰਦਰਪਾਲ ਰਾਣਾ ਦੇ ਭਰਾ ਕਾਮਰੇਡ ਰਵਿੰਦਰਪਾਲ ਰਾਜੂ ਨੇ ਕਿਹਾ ਕਿ ਮਾਮਲਾ ਧਿਆਨ ’ਚ ਆਉਣ ’ਤੇ ਫੌਰੀ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਅਤੇ ਮੁਲਾਜ਼ਮ ਕੰਮ ’ਤੇ ਲਾ ਦਿੱਤੇ। ਨਗਰ ਕੌਂਸਲ ਅਧਿਕਾਰੀ ਜਗਮੋਹਨ ਸਿੰਘ ਨੇ ਕਿਹਾ ਕਿ ਬਹੁਤ ਪੁਰਾਣੀ ਉਮਰ ਹੰਢਾ ਚੁੱਕੀ ਮੋਟਰ ਖ਼ਰਾਬ ਹੋਣ ਕਾਰਨ ਸਮੱਸਿਆ ਪੈਦਾ ਹੋਈ ਸੀ। ਨਗਰ ਕੌਂਸਲ ਨੇ ਪਹਿਲਾਂ ਹੀ ਬਦਲਵਾਂ ਪ੍ਰਬੰਧ ਕਰ ਰੱਖਿਆ ਸੀ ਅਤੇ ਹੁਣ ਖ਼ਰਾਬ ਹੋ ਚੁੱਕੀ ਮੋਟਰ ਦੀ ਥਾਂ ਹੋਰ ਪੰਪ ਚੱਲਦਾ ਹੈ ਜਿਸ ਨਾਲ ਪਾਣੀ ਸਪਲਾਈ ਚੱਲ ਪਈ ਹੈ। ਘਰਾਂ ਤੱਕ ਪਾਣੀ ਨਾ ਪਹੁੰਚਣ ’ਤੇ ਉਨ੍ਹਾਂ ਕਿਹਾ ਕਿ ਟੁੱਲੂ (ਵਾਟਰ ਪੰਪ) ਨਾਲ ਹਰ ਹਾਲ ਪਾਣੀ ਪਹੁੰਚੇਗਾ। ਬਿਨਾਂ ਟੁੱਲੂ ਪੰਪ ਤੋਂ ਪਾਣੀ ਪਹੁੰਚਣਾ ਔਖਾ ਹੈ।
ਵੱਡੀ ਟੈਂਕੀ ਤੋਂ ਪਾਣੀ ਸਪਲਾਈ ਸ਼ੁਰੂ ਕੀਤਾ ਜਾਵੇਗਾ: ਪ੍ਰਧਾਨ
ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਕਿਹਾ ਕਿ ਸ਼ਹਿਰ ਦੀ ਪਾਣੀ ਕਿੱਲਤ ਦੀ ਸਮੱਸਿਆ ਦੂਰ ਕਰਨ ਲਈ ਕਈ ਸਾਲਾਂ ਤੋਂ ਬੰਦ ਪਈ ਪੁਰਾਣੀ ਅਤੇ ਵੱਡੀ ਪਾਣੀ ਵਾਲੀ ਟੈਂਕੀ ਤੋਂ ਸਪਲਾਈ ਬਹਾਲ ਕੀਤੀ ਜਾਵੇਗੀ। ਇਸ ਟੈਂਕੀ ਅਤੇ ਨੁਕਸ ਬਾਰੇ ਜਾਣਕਾਰੀ ਲੈ ਲਈ ਹੈ। ਜਲਦ ਹੀ ਲੋੜੀਂਦੇ ਕਦਮ ਚੁੱਕ ਕੇ ਇਸ ਟੈਂਕੀ ਤੋਂ ਪਾਣੀ ਸਪਲਾਈ ਸ਼ੁਰੂ ਹੋਵੇਗੀ ਤਾਂ ਘਰ-ਘਰ ਪਹਿਲਾਂ ਵਾਂਗ ਪਾਣੀ ਪਹੁੰਚਣ ਲੱਗੇਗਾ।