ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਅਗਸਤ
ਸ਼ਹਿਰ ਦੇ ਕਈ ਵੱਡੇ ਪ੍ਰਾਈਵੇਟ ਸਕੂਲਾਂ ਨੂੰ ਲੁਧਿਆਣਾ ਦੇ ਮੋਤੀ ਨਗਰ ਦਾ ਸਰਕਾਰੀ ਪ੍ਰਾਇਮਰੀ ਸਕੂਲ ਮਾਤ ਦਿੰਦਾ ਨਜ਼ਰ ਆ ਰਿਹਾ ਹੈ। ਸਕੂਲ ਦੇ ਬੱਚਿਆਂ ਨੂੰ ਖੇਡ ਸੱਭਿਆਚਾਰ ਵੱਲ ਪ੍ਰੇਰਿਤ ਕਰਨ ਦੇ ਮਕਸਦ ਨਾਲ ਹੁਣ ਸਕੂਲ ਵਿੱਚ ਨਵਾਂ ਬੈਡਮਿੰਟਨ ਦਾ ਗਰਾਊਂਡ ਤਿਆਰ ਕਰ ਦਿੱਤਾ ਗਿਆ ਹੈ। ਇਹ ਉਪਰਾਲਾ ਸਕੂਲ ਦੇ ਹੈੱਡ ਟੀਚਰ ਸੁਖਧੀਰ ਸਿੰਘ ਸੇਖੋਂ ਅਤੇ ਉਨ੍ਹਾਂ ਦੀ ਪੂਰੀ ਟੀਮ ਵੱਲੋਂ ਗਰੀਬ ਬੱਚਿਆਂ ਨੂੰ ਉੱਚ ਪੜ੍ਹਾਈ ਸਹੂਲਤਾਂ ਦੇਣ ਲਈ ਕੀਤੇ ਪ੍ਰਣ ਦਾ ਨਤੀਜਾ ਹੈ।
ਸਕੂਲ ਮੁਖੀ ਸੇਖੋਂ ਨੇ ਦੱਸਿਆ ਕਿ ਜਲਦੀ ਹੀ ਵਿਦਿਆਰਥੀਆਂ ਦੇ ਟਰਾਇਲ ਲਏ ਜਾਣਗੇ, ਜਿਹੜੇ ਵਿਦਿਆਰਥੀ ਟਰਾਇਲਾਂ ’ਚੋਂ ਵਧੀਆ ਕਾਰਗੁਜ਼ਾਰੀ ਦਿਖਾਉਣਗੇ ਉਨ੍ਹਾਂ ਦੀ ਚੋਣ ਕਰਕੇ ਪ੍ਰੋਫੈਸ਼ਨਲ ਕੋਚ ਤੋਂ ਸਿਖਲਾਈ ਦਿਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਵਿੱਚ ਪੜ੍ਹਨ ਦੀ ਚੇਟਕ ਲਗਾਉਣ ਲਈ ਰੀਡਿੰਗ ਕਾਰਨਰ ਬਣਾਇਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਖੇਡਾਂ ਵਿੱਚ ਸਵੀਮਿੰਗ ਅਤੇ ਬੈਡਮਿੰਟਨ ਆਦਿ ਖੇਡਾਂ ਨੂੰ ਹੁਣ ਸ਼ਾਮਲ ਕੀਤਾ ਗਿਆ, ਜਿਸ ਕਰਕੇ ਉਨ੍ਹਾਂ ਜ਼ਿਲ੍ਹੇ ਦਾ ਪਹਿਲਾ ਬੈਡਮਿੰਟਨ ਗਰਾਊਂਡ ਆਪਣੇ ਸਕੂਲ ਦੇ ਵਿਦਿਆਰਥੀਆਂ ਲਈ ਤਿਆਰ ਕਰਵਾਇਆ ਹੈ।