ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 13 ਮਾਰਚ
ਨਸ਼ਿਆਂ ਦੀ ਪੂਰਤੀ ਲਈ ਮਾਂ ਦਾ ਕਤਲ ਕਰਨ ਵਾਲੇ ਕਰਮ ਸਿੰਘ ਉਰਫ ਨਿੱਕਾ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ । ਬਾਅਦ ਦੁਪਹਿਰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਨੇ ਨਿੱਕੇ ਤੋਂ ਡੂੰਘਾਈ ਨਾਲ ਪੁੱਛ-ਗਿੱਛ ਕਰਨ ਲਈ 4 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ ।ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਦੇਰ ਸ਼ਾਮ ਨੂੰ ਥਾਣਾ ਹਠੂਰ ਦੇ ਪਿੰਡ ਲੱਖਾ ਵਿੱਚ ਇੱਕ ਨਸ਼ੇੜੀ ਪੁੱਤਰ ਵੱਲੋਂ ਆਪਣੀ ਮਾਂ ਦੇ ਹੱਥ ਪੈਰ ਬੰਨ੍ਹ ਕੇ ਸਾਹ ਬੰਦ ਕਰ ਮਾਰ ਦੇਣ ਦੇ ਮਾਮਲੇ ਵਿੱਚ ਹਠੂਰ ਪੁਲੀਸ ਨੇ ਕੇਸ ਦਰਜ ਕਰ ਲਿਆ ਸੀ । ਆਪਣੇ ਛੋਟੇ ਭਰਾ ਕਰਮ ਸਿੰਘ ਉਰਫ ਨਿੱਕਾ ਖ਼ਿਲਾਫ਼ ਨੇੜਲੇ ਪਿੰਡ ਭੰਮੀਪੁਰ ਕਲਾਂ ਵਿਆਹੀ ਵੱਡੀ ਭੈਣ ਸੁਖਪ੍ਰੀਤ ਕੌਰ ਨੇ ਬਿਆਨ ਦਰਜ ਕਰਵਾਏ । ਸੁਖਪ੍ਰੀਤ ਕੌਰ ਨੇ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਨੂੰ ਦੱਸਿਆ ਕਿ ਬੀਤੇ ਕੱਲ੍ਹ ਮੇਰਾ ਭਰਾ ਨਿੱਕਾ ਸਵੇਰ ਤੋਂ ਹੀ ਉਸ ਦੀ ਮਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ ਅਤੇ ਨਸ਼ੇ ਦੀ ਪੂਰਤੀ ਲਈ ਪੈਸਿਆਂ ਦੀ ਮੰਗ ਕਰ ਰਿਹਾ ਸੀ । ਜਦੋਂ ਸ਼ਾਮ ਨੂੰ ਮਾਂ ਨੇ ਮੇਰਾ ਫੋਨ ਨਾ ਚੁੱਕਿਆ ਤਾਂ ਸਾਨੂੰ ਇਸ ਅਨਹੋਣੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ। ਜਦੋਂ ਉਹ ਪਿੰਡ ਲੱਖਾ ਪਹੁੰਚੇ ਤਾਂ ਮਾਂ ਦੀ ਹੱਥ-ਪੈਰ ਬੰਨ੍ਹੀ ਲਾਸ਼ ਬੈੱਡ ਤੋਂ ਹੇਠਾਂ ਪਈ ਸੀ । ਨਿੱਕੇ ਨੇ ਹੀ ਖੁਦ ਉਸ ਦੀ ਦੂਜੀ ਭੈਣ ਨੂੰ ਫੋਨ ਕਰਕੇ ਪਿੰਡ ਸੱਦਿਆ ਅਤੇ ਬਾਅਦ ਵਿੱਚ ਫੋਨ ਕੱਟ ਦਿੱਤਾ । ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਾਂ ਦਾ ਕਤਲ ਨਿੱਕੇ ਨੇ ਹੀ ਬੇ-ਰਹਿਮੀ ਨਾਲ ਕੀਤਾ ਹੈ