ਮਹੇਸ਼ ਸ਼ਰਮਾ/ਕੁਲਵਿੰਦਰ ਸਿੰਘ ਗਿੱਲ
ਮੰਡੀ ਅਹਿਮਦਗੜ੍ਹ/ਕੁੱਪ ਕਲਾਂ, 29 ਮਈ
ਥਾਣਾ ਸਦਰ ਅਹਿਮਦਗੜ੍ਹ ਅਧੀਨ ਪੈਂਦੇ ਪਿੰਡ ਫਲੌਂਡ ਦੀ ਨੂੰਹ ਨੇ ਸ਼ਨਿਚਰਵਾਰ ਸ਼ਾਮ ਨੂੰ ਕਥਿਤ ਤੌਰ ’ਤੇ ਆਪਣੀ ਸੱਸ ਨੂੰ ਕੁੱਟ ਕੇ ਮਾਰ ਦਿੱਤਾ ਅਤੇ ਇਸ ਨੂੰ ਕੁਦਰਤੀ ਮੌਤ ਦਾ ਰੂਪ ਦੇ ਕੇ ਸਸਕਾਰ ਦੀ ਤਿਆਰੀ ਵੀ ਕਰਵਾ ਦਿੱਤੀ।
ਮ੍ਰਿਤਕਾ ਸ਼ੀਲਾ ਕੌਰ (62) ਦੇ ਭਰਾ ਵੱਲੋਂ ਅੱਜ ਆਪਣੀ ਭੈਣ ਦੇ ਅੰਤਿਮ ਦਰਸ਼ਨ ਕਰਨ ਵੇਲੇ ਗਰਦਨ, ਬਾਂਹ ਤੇ ਚੇਹਰੇ ’ਤੇ ਜ਼ਖ਼ਮਾਂ ਦੇ ਨਿਸ਼ਾਨ ਦੇਖਣ ਤੋਂ ਬਾਅਦ ਉਸ ਨੇ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆਂਦਾ। ਇਸ ਮਗਰੋਂ ਪੁਲੀਸ ਨੇ ਸ਼ੀਲਾ ਦੀ ਨੂੰਹ ਮਨਦੀਪ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਖ਼ਬਰ ਲਿਖੇ ਜਾਣ ਪੁਲੀਸ ਮੁਲਜ਼ਮ ਦੀ ਭਾਲ ਕਰ ਰਹੀ ਸੀ।
ਇਸ ਸਬੰਧੀ ਬਿੱਕਰ ਸਿੰਘ ਵਾਸੀ ਰਾਣਵਾਂ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਹੈ ਕਿ ਉਸ ਦੇ ਭਾਣਜੇ ਸ਼ਿਵਰਾਮ ਦਾ ਮਨਦੀਪ ਕੌਰ ਨਾਲ 2009 ਵਿੱਚ ਵਿਆਹ ਹੋਇਆ ਸੀ। ਮਨਦੀਪ ਕੌਰ ਨੇ ਵਿਆਹ ਮਗਰੋਂ ਉਸ ਦੀ ਭੈਣ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਸੀ। ਉਹ ਵਾਰ-ਵਾਰ ਉਸ ਨੂੰ ਕੁੱਟ ਕੇ ਪੇਕੇ ਪਿੰਡ ਰਾਣਵਾਂ ਭੇਜ ਦਿੰਦੀ ਸੀ। ਸ਼ਿਵਰਾਮ ਆਪਣੀ ਮਾਂ ਨੂੰ ਮਨਾ ਫਿਰ ਫਲੌਂਡ ਆਪਣੇ ਘਰ ਲੈ ਆਉਂਦਾ ਸੀ। ਸ਼ਨਿਚਰਵਾਰ ਸ਼ਾਮ ਨੂੰ ਉਸ ਦੀ ਭੈਣ ਦੇ ਪਰਿਵਰ ਵੱਲੋਂ ਸ਼ਿਕਾਇਤਕਰਤਾ ਨੂੰ ਸੂਚਨਾ ਦਿੱਤੀ ਗਈ ਕਿ ਸ਼ੀਲਾ ਕੌਰ ਦੀ ਅਚਾਨਕ ਮੌਤ ਹੋ ਗਈ ਹੈ ਤੇ ਸਸਕਾਰ ਐਤਵਾਰ ਨੂੰ ਕੀਤਾ ਜਾਵੇਗਾ।
ਉਹ ਅੱਜ ਜਦੋਂ ਫਲੌਂਡ ਪਹੁੰਚੇ ਤਾਂ ਦੇਖਿਆ ਕਿ ਸ਼ੀਲਾ ਕੌਰ ਦੇ ਸਰੀਰ ’ਤੇ ਜ਼ਖ਼ਮਾਂ ਦੇ ਨਿਸ਼ਾਨ ਸਨ। ਇਸ ਤੋਂ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਮਨਦੀਪ ਨੇ ਆਪਣੀ ਸੱਸ ਦੀ ਕੁੱਟ ਮਾਰ ਕੀਤੀ ਹੋਵੇਗੀ ਅਤੇ ਸੱਟਾਂ ਲੱਗਣ ਤੋਂ ਬਾਅਦ ਉਸ ਨੂੰ ਡਾਕਟਰੀ ਮਦਦ ਨਹੀਂ ਦਿਵਾਈ ਜਿਸ ਕਾਰਨ ਉਸ ਦੀ ਮੌਤ ਹੋ ਗਈ।
ਥਾਣਾ ਮੁਖੀ ਸਿਕੰਦਰ ਸਿੰਘ ਨੇ ਦੱਸਿਆ ਕਿ ਹਾਲ ਦੀ ਘੜੀ ਸਿਰਫ਼ ਮਨਦੀਪ ਕੌਰ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਸ਼ੀਲਾ ਕੌਰ ਨੂੰ ਕੁੱਟਣ ਜਾਂ ਗ਼ੁਨਾਹ ਛੁਪਾਉਣ ਵਿੱਚ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਈ ਤਾਂ ਉਸ ਨੂੰ ਵੀ ਨਾਮਜ਼ਦ ਕੀਤਾ ਜਾਵੇਗਾ। ਪੁਲੀਸ ਨੇ ਪੋਸਟਮਾਰਟਮ ਲਈ ਲਾਸ਼ ਨੂੰ ਸਿਵਲ ਹਸਪਤਾਲ ਮਾਲੇਰਕੋਟਲਾ ਵਿੱਚ ਭਿਜਵਾ ਦਿੱਤਾ ਹੈ।