ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 16 ਜਨਵਰੀ
ਹਲਕਾ ਸਾਹਨੇਵਾਲ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਅਤੇ ‘ਆਪ’ ਵੱਲੋਂ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਹੈ ਪਰ ਕਾਂਗਰਸ ਦੀ ਟਿਕਟ ਨੂੰ ਲੈ ਕੇ 31 ਉਮੀਦਵਾਰ ਹੋਣ ਕਾਰਨ ਪੇਚ ਫਸਿਆ ਦਿਖਾਈ ਦੇ ਰਿਹਾ ਹੈ। ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਲੜ ਚੁੱਕੇ ਵਿਕਰਮ ਸਿੰਘ ਬਾਜਵਾ ਕਾਫ਼ੀ ਸਰਗਰਮ ਹਨ ਅਤੇ ਟਿਕਟ ਦੇ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਹਨ। ਹਲਕੇ ਵਿੱਚ ਕਾਂਗਰਸ ਦੇ ਜ਼ਿਲਾ ਪ੍ਰਧਾਨ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਵੀ ਆਪਣੀਆਂ ਸਰਗਰਮੀਆਂ ਕਾਫ਼ੀ ਵਧਾਈਆਂ ਹਨ ਜੋ ਕਾਂਗਰਸ ਦੇ ਹੀ ਸਾਬਕਾ ਮੰਤਰੀ ਸਵਰਗੀ ਕਰਮ ਸਿੰਘ ਗਿੱਲ ਦੇ ਸਪੁੱਤਰ ਅਤੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੇ ਨਜ਼ਦੀਕੀ ਰਿਸ਼ਤੇਦਾਰ ਹਨ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਵਲੋਂ ਚੋਣ ਲੜ ਚੁੱਕੀ ਸਤਵਿੰਦਰ ਕੌਰ ਬਿੱਟੀ ਵੀ ਇਸ ਵਾਰ ਮੁੜ 2022 ਵਿੱਚ ਟਿਕਟ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ। ਇਸ ਤੋਂ ਇਲਾਵਾ ਲੁਧਿਆਣਾ ਨਗਰ ਨਿਗਮ ਵਿੱਚ ਕੌਂਸਲਰ ਪਾਲ ਸਿੰਘ ਗਰੇਵਾਲ ਵੱਲੋਂ ਵੀ ਹਲਕੇ ਵਿੱਚ ਕਾਫ਼ੀ ਵੱਡੇ-ਵੱਡੇ ਹੋਰਡਿੰਗਜ਼ ਲਗਾ ਕੇ ਆਪਣੀ ਦਾਅਵੇਦਾਰੀ ਜਤਾਈ ਹੈ। ਨੌਜਵਾਨ ਵਰਗ ਦੀ ਗੱਲ ਕੀਤੀ ਜਾਵੇ ਤਾਂ ‘ਨੈਸ਼ਨਲ ਸਟੂਡੈਂਟ ਯੂਨੀਅਨ ਆਫ਼ ਇੰਡੀਆ’ ਦੇ ਸਾਬਕਾ ਪ੍ਰਧਾਨ ਇਕਬਾਲ ਸਿੰਘ ਗਰੇਵਾਲ ਨੇ ਵੀ ਕਾਂਗਰਸ ਹਾਈਕਮਾਂਡ ਕੋਲ ਇਸ ਹਲਕੇ ਤੋਂ ਚੋਣ ਲੜਨ ਦੀ ਇੱਛਾ ਪ੍ਰਗਟਾਈ ਹੈ। ਨੌਜਵਾਨਾਂ ਵਿੱਚ ਯੂਥ ਕਾਂਗਰਸ ਦਿਹਾਤੀ ਦੇ ਪ੍ਰਧਾਨ ਲੱਕੀ ਸੰਧੂ ਅੇ ਜ਼ਿਲ੍ਹਾ ਪਰਿਸ਼ਦ ਮੈਂਬਰ ਰਮਨੀਤ ਸਿੰਘ ਗਿੱਲ ਵੀ ਟਿਕਟ ਲੈਣ ਲਈ ਕਾਫ਼ੀ ਜੱਦੋ-ਜ਼ਹਿਦ ਕਰ ਰਹੇ ਹਨ।
ਕਾਂਗਰਸੀ ਆਗੂ ਮਹਿਤਾ ਨੇ ਖੋਲ੍ਹਿਆ ਵਿਧਾਇਕ ਡਾਵਰ ਖਿਲਾਫ਼ ਮੋਰਚਾ
ਲੁਧਿਆਣਾ (ਗਗਨਦੀਪ ਅਰੋੜਾ): ਸਨਅਤੀ ਸ਼ਹਿਰ ਵਿੱਚ ਕਾਂਗਰਸ ਦੀਆਂ ਟਿਕਟ ਮਿਲਣ ਤੋਂ ਬਾਅਦ ਬਗਾਵਤ ਵੀ ਸ਼ੁਰੂ ਹੋ ਗਈ ਹੈ। ਸੀਨੀਅਰ ਕਾਂਗਰਸੀ ਆਗੂ ਪਰਮਿੰਦਰ ਮਹਿਤਾ ਨੇ ਵੀ ਵਿਧਾਇਕ ਡਾਵਰ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਦਰੇਸੀ ਸਥਿਤ ਆਪਣੇ ਦਫ਼ਤਰ ’ਚ ਮਹਿਤਾ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਕੇਂਦਰੀ ਤੇ ਸੂਬੇ ਦੇ ਅਹੁਦੇਦਾਰਾਂ ਨੂੰ ਹਲਕਾ ਵਿਧਾਇਕ ਦੀ ਕਾਰਗੁਜ਼ਾਰੀ ਤੋਂ ਉਹ ਜਾਣੂ ਕਰਵਾਉਂਦੇ ਆ ਰਹੇ ਹਨ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਟਿਕਟ ਦੇ ਕੇ ਟਕਸਾਲੀ ਵਰਕਰਾਂ ਤੇ ਲੋਕਾਂ ਨੂੰ ਪਾਰਟੀ ਨੇ ਨਿਰਾਸ਼ ਕੀਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਵਿਧਾਇਕ ਕਦੇ ਵੀ ਉਨ੍ਹਾਂ ਦੇ ਦੁੱਖ ਸੁੱਖ ’ਚ ਸ਼ਰੀਕ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਕੇਂਦਰੀ ਹਲਕੇ ’ਚ ਕਿਸੇ ਇੱਕ ਵੀ ਵਿਕਾਸ ਕੰਮਾਂ ਸਬੰਧੀ ਬੋਰਡ ਕਿਉ ਨਹੀਂ ਲਾਏ ਗਏ, ਜਿਸ ਦੇ ਪਿੱਛੇ ਸਿੱਧੇ ਤੌਰ ’ਤੇ ਭ੍ਰਿਸ਼ਟਾਚਾਰ ਦੀ ਬੂ ਆਉਂਦੀ ਹੈ। ਇੱਥੋਂ ਤੱਕ ਕਿ ਹਲਕੇ ’ਚ ਗ੍ਰਾਂਟਾਂ ਦੀ ਵੰਡ ’ਤੇ ਵੀ ਲੋਕ ਕਮਿਸ਼ਨ ਬਾਜ਼ੀ ਦਾ ਦੋਸ਼ ਲਾ ਰਹੇ ਹਨ। ਮਹਿਤਾ ਨੇ ਕਿਹਾ ਕਿ ਅਜਿਹੇ ਵਿਧਾਇਕ ਟਿਕਟ ਮਿਲਣ ਤੋਂ ਬਾਅਦ ਕੈਪਟਨ ਦੇ ਨਾਲ ਵਫ਼ਾਦਾਰੀ ਦਿਖਾਉਂਦੇ ਹੋਏ ਭਾਜਪਾ ਦੇ ਪਾਲੇ ’ਚ ਜਾ ਸਕਦੇ ਹਨ। ਮਹਿਤਾ ਨੇ ਇੱਕ ਸਵਾਲ ਦੇ ਜਵਾਬ ’ਚ ਕਿਹਾ ਕਿ ਉਹ ਕਿਸੇ ਤਰ੍ਹਾਂ ਦੀ ਬਗਾਵਤ ਜਾਂ ਪਾਰਟੀ ਦਾ ਵਿਰੋਧ ਨਹੀਂ ਕਰ ਰਹੇ, ਪਰ ਇੱਕ ਕਾਂਗਰਸੀ ਹੋਣ ਦੇ ਨਾਤੇ ਪਾਰਟੀ ਦੀ ਲੋਕਤੰਤਰ ਦੇ ਪ੍ਰਤੀ ਆਸਥਾ ਨੂੰ ਸਹੀ ਰੱਖਣਾ ਹੀ ਉਨ੍ਹਾਂ ਦਾ ਮੁੱਖ ਕੰਮ ਹੈ। ਕਿਉਂਕਿ ਪਾਰਟੀ ਦੇ ਸਾਰੇ ਸਰਵੇ ’ਚ ਅਜਿਹੇ ਲੋਕ ਹਾਰਦੇ ਦਿਖੇ ਸਨ। ਇਸ ਲਈ ਕਾਂਗਰਸ ਪਾਰਟੀ ਦੀ ਪੰਜਾਬ ’ਚ ਦੁਬਾਰਾ ਸਰਕਾਰ ਬਣਾਉਣ ਲਈ ਹਲਕਾ ਕੇਂਦਰੀ ਤੋਂ ਯੋਗ ਉਮੀਦਵਾਰ ਨੂੰ ਟਿਕਟ ਦਿੱਤੀ ਜਾਵੇ।