ਨਿੱਜੀ ਪੱਤਰ ਪ੍ਰੇਰਕ
ਖੰਨਾ, 19 ਅਪਰੈਲ
ਇੱਥੋਂ ਦੇ ਗੁਰਦੁਆਰਾ ਬਾਬਾ ਨਿਰਗੁਣ ਦਾਸ ਵਿਖੇ ਸਤਲੁਜ ਫਾਊਂਡੇਸ਼ਨ ਨੇ ਜਗਜੀਤ ਸਿੰਘ ਔਜਲਾ ਦੀ ਅਗਵਾਈ ਹੇਠਾਂ ਦਸਤਾਰ ਮੁਕਾਬਲੇ ਕਰਵਾਏ। ਮੁਕਾਬਲਿਆਂ ਵਿਚ 80 ਤੋਂ ਵਧੇਰੇ ਬੱਚਿਆਂ ਨੇ ਹਿੱਸਾ ਲਿਆ। ਸ੍ਰੀ ਔਜਲਾ ਨੇ ਬੱਚਿਆਂ ਨੂੰ ਦਸਤਾਰ ਸਜਾਉਣ ਵੱਲ ਪ੍ਰੇਰਿਤ ਕਰਨ ਲਈ ਕੌਮਾਂਤਰੀ ਦਸਤਾਰ ਦਿਵਸ ਨੂੰ ਸਮਰਪਿਤ ਇਹ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦਸਤਾਰ ਦਿਵਸ ਬਾਰੇ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੈ, ਇਸ ਦਿਨ ਸਬੰਧੀ ਜਾਗਰੂਕਤਾ ਲਿਆਉਣ ਲਈ ਬੱਚਿਆਂ ਤੇ ਨੌਜਵਾਨਾਂ ਨੂੰ ਦਸਤਾਰ ਸਜਾਉਣ ਦਾ ਸੁਨੇਹਾ ਦੇਣ ਦੇ ਮਕਸਦ ਨਾਲ ਇਹ ਮੁਕਾਬਲੇ ਕਰਵਾਏ ਗਏ ਹਨ। ਇਨ੍ਹਾਂ ਮੁਕਾਬਲਿਆਂ ਵਿਚ ਗੁਰਸਿਮਰਨ ਸਿੰਘ ਨੂੰ 7100 ਰੁਪਏ, ਮਨਜਿੰਦਰ ਸਿੰਘ ਨੇ 6100 ਅਤੇ ਜਗਮੋਹਨ ਸਿੰਘ ਨੇ 5100 ਰੁਪਏ ਇਨਾਮ ਪ੍ਰਾਪਤ ਕੀਤਾ। ਜੇਤੂ ਬੱਚਿਆਂ ਨੂੰ ਪ੍ਰਿੰਸੀਪਲ ਸੁਖਦੇਵ ਸਿੰਘ ਰਾਣਾ, ਮਨਪ੍ਰੀਤ ਸਿੰਘ, ਮਲਕੀਤ ਸਿੰਘ ਮੰਡੇਰ ਅਤੇ ਦਲਜੀਤ ਸਿੰਘ ਨੇ ਸਨਮਾਨਿਤ ਕਰਦਿਆਂ ਮਾਪਿਆਂ ਨੂੰ ਛੋਟੇ ਬੱਚਿਆਂ ਨੂੰ ਸਿੱਖੀ ਧਰਮ ਨਾਲ ਜੋੜਨ ਲਈ ਪ੍ਰੇਰਿਤ ਕੀਤਾ। ਪਰਮਿੰਦਰ ਸਿੰਘ ਬੋਪਾਰਾਏ ਨੇ 12 ਸਾਲ ਤੋਂ ਘੱਟ ਉਮਰ ਦੇ ਛੇ ਬੱਚਿਆਂ ਨੂੰ 1100-1100 ਰੁਪਏ ਇਨਾਮ ਦਿੱਤੇ ਗਏ।