ਗਗਨਦੀਪ ਅਰੋੜਾ
ਲੁਧਿਆਣਾ, 29 ਅਕਤੂਬਰ
ਇੱਥੇ ਦੇ ਤਾਜਪੁਰ ਰੋਡ ਸਥਿਤ ਤਿੰਨ ਤੋਂ ਚਾਰ ਕਿਲੋਮੀਟਰ ਦੇ ਖੇਤਰ ’ਚ ਫੈਲੀ ਸ਼ਹਿਰ ਦੀ ਹਾਈ ਸੁਰੱਖਿਆ ਕੇਂਦਰੀ ਜੇਲ੍ਹ ’ਚ ਪੰਜਾਬ ਪੁਲੀਸ ਦੇ ਨਾਲ ਸੀਆਰਪੀਐਫ਼ ਇਸ ਲਈ ਲਾਈ ਗਈ ਸੀ ਕਿ ਜੇਲ੍ਹ ’ਚ ਮੋਬਾਈਲ ਫੋਨ ਅਤੇ ਨਸ਼ੇ ਦੀ ਵਰਤੋਂ ’ਤੇ ਰੋਕ ਲਾਈ ਜਾ ਸਕੇ। ਪਰ ਹਾਲਾਤ ਸੁਧਰਨ ਦੀ ਥਾਂ ਹੋਰ ਵਿਗੜ ਗਏ ਹਨ। ਜੇਲ੍ਹ ’ਚ ਰੋਜ਼ਾਨਾ ਮੋਬਾਈਲ ਫੋਨ ਮਿਲ ਰਹੇ ਹਨ ਤੇ ਹੁਣ ਨਸ਼ਾ ਵੀ ਮਿਲਣ ਲੱਗਿਆ ਹੈ। ਪਿਛਲੇ ਮਹੀਨੇ ਵਿੱਚ ਦੇਖਿਆ ਜਾਵੇ ਤਾਂ ਜੇਲ੍ਹ ’ਚੋਂ ਕਰੀਬ 70 ਮੋਬਾਈਲ ਫੋਨ ਮਿਲ ਚੁੱਕੇ ਹਨ। ਇਸ ਦੇ ਨਾਲ ਨਾਲ ਨਸ਼ੀਲਾ ਪਦਾਰਥ ਵੀ ਅੰਦਰੋਂ ਬਰਾਮਦ ਹੋ ਚੁੱਕਿਆ ਹੈ। ਇਸ ਤੋਂ ਸਾਫ਼ ਹੈ ਕਿ ਜੇਲ੍ਹ ਦੇ ਅੰਦਰ ਮੋਬਾਈਲ ਦੇ ਨਾਲ ਨਾਲ ਨਸ਼ੇ ਦੀ ਸਪਲਾਈ ਵੀ ਧੜੱਲੇ ਨਾਲ ਹੋ ਰਹੀ ਹੈ। ਜੇਲ੍ਹ ਪ੍ਰਸ਼ਾਸਨ ਸਿਰਫ਼ ਕੇਸ ਦਰਜ ਕਰਵਾਉਣਾ ਹੀ ਆਪਣਾ ਕੰਮ ਸਮਝ ਰਿਹਾ ਹੈ। ਕਦੇ ਇਸ ਗੱਲ ਦੀ ਜਾਂਚ ਨਹੀਂ ਕੀਤੀ ਗਈ ਕਿ ਫੋਨ ਕਿੱਥੋਂ ਆਇਆ। ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਵੱਡੇ ਵੱਡੇ ਦਾਅਵੇ ਕਰ ਰਹੇ ਹਨ ਕਿ 7 ਮਹੀਨੇ ਦੀ ਸਰਕਾਰ ’ਚ ਜੇਲ੍ਹਾਂ ਨੂੰ ਸੁਧਾਰ ਘਰ ਬਣਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ, ਪਰ 2 ਨੰਬਰ ਦਾ ਧੰਦਾ ਕਰਨ ਵਾਲੇ ਅਪਰਾਧੀ ਜੇਲ੍ਹ ਵਿੱਚੋਂ ਹੀ ਆਰਾਮ ਨਾਲ ਆਪਣੇ ਕੰਮ ਨੂੰ ਅੰਜਾਮ ਦੇ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਜੇ ਜੇਲ੍ਹ ਪ੍ਰਸਾਸ਼ਨ ਮੁਸਤੈਦੀ ਨਾਲ ਜੇਲ੍ਹ ਦੇ ਆਸਪਾਸ ਲੱਗੇ ਜੇਲ੍ਹ ਦੇ ਮੋਬਾਈਲ ਟਾਵਰਾਂ ਦੀ ਲੋਕੇਸ਼ਨ ਚੈੱਕ ਕਰਵਾਏ ਤਾਂ ਮੋਬਾਈਲ ਫੋਨ ਬਰਮਾਦ ਹੋ ਸਕਦੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਜੇਲ੍ਹ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਹੀ ਜੇਲ੍ਹ ਵਿੱਚ ਪਾਬੰਦੀਸ਼ੁਦਾ ਵਸਤੂਆਂ ਪੁੱਜਦੀਆਂ ਹਨ।
ਮੋਬਾਈਲ ਤੇ ਸਾਮਾਨ ਜੇਲ੍ਹ ਵਿੱਚ ਸੁੱਟਿਆ ਜਾਂਦਾ ਹੈ: ਜੇਲ੍ਹ ਸੁਪਰਡੈਂਟ
ਜੇਲ੍ਹ ਪ੍ਰਸਾਸ਼ਨ ਹਰ ਵਾਰ ਇਹੀ ਆਖਦਾ ਹੈ ਕਿ ਜੇਲ੍ਹ ’ਚ ਮੋਬਾਈਲ ਸੁੱਟਣ ਰਾਹੀਂ ਹੀ ਜੇਲ੍ਹ ’ਚ ਪੁੱਜਦਾ ਹੈ ਪਰ ਸੂਤਰ ਦੱਸਦੇ ਹਨ ਕਿ ਜੇਲ੍ਹ ’ਚ ਮੋਬਾਈਲ ਫੋਨ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਪੁੱਜਦੇ ਹਨ। ਜੇਲ੍ਹ ਸੁਪਰਡੈਂਟ ਸਵਰਾਜ ਸਿੰਘ ਨੇ ਵੀ ਇਹੀ ਕਿਹਾ ਕਿ ਜੇਲ੍ਹ ’ਚ ਮੋਬਾਈਲ ਅਤੇ ਹੋਰ ਸਾਮਾਨ ਸੁੱਟਿਆ ਜਾਂਦਾ ਹੈ। ਰਿਹਾਇਸ਼ੀ ਕਲੋਨੀ ਜੇਲ੍ਹ ਦੀਆਂ ਕੰਧਾਂ ਤੋਂ ਉਚੀਆਂ ਹਨ। ਜਿੱਥੇ ਮਿਲੀਭੁਗਤ ਕਰਕੇ ਲੋਕ ਉਥੋਂ ਸਾਮਾਨ ਸੁੱਟਦੇ ਹਨ। ਸਰਕਾਰ ਨੂੰ ਇਸ ਬਾਰੇ ਦੱਸ ਦਿੱਤਾ ਹੈ, ਬਾਕੀ ਜੋ ਸਰਕਾਰ ਦੇ ਹੁਕਮ ਆਉਣਗੇ, ਉਸ ਹਿਸਾਬ ਨਾਲ ਕਾਰਵਾਈ ਕਰ ਦਿੱਤੀ ਜਾਵੇਗੀ। ਬਾਕੀ ਜੇਲ੍ਹ ਪ੍ਰਸਾਸ਼ਨ ਦੇ ਮੁਲਾਜ਼ਮ ਆਪਣੇ ਵੱਲੋਂ ਸਮੇਂ ਸਮੇਂ ’ਤੇ ਰੋਜ਼ਾਨਾ ਚੈਕਿੰਗ ਕਰ ਰਹੇ ਹਨ। ਰੋਜ਼ਾਨਾ ਮੋਬਾਈਲ ਫੋਨ ਮਿਲ ਰਹੇ ਹਨ, ਪੁਲੀਸ ਨੂੰ ਵੀ ਲਿਖਤੀ ਭੇਜ ਦਿੱਤਾ ਜਾਂਦਾ ਹੈ ਤਾਂ ਕਿ ਜਾਂਚ ਅੱਗੇ ਵਧਾਈ ਜਾ ਸਕੇ ਕਿ ਫੋਨ ਕਿੱਥੋਂ ਆਉਂਦੇ ਹਨ।