ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 7 ਜੁਲਾਈ
ਭਾਰਤਮਾਲਾ ਯੋਜਨਾ ਅਧੀਨ ਜਬਰੀ ਜ਼ਮੀਨਾਂ ਐਕੁਆਇਰ ਕਰਨ ਵਿਰੁੱਧ ਕੋਟ ਆਗਾ ਦੀਆਂ ਗਲੀਆਂ ਵਿੱਚ ਕਿਸਾਨਾਂ-ਮਜ਼ਦੂਰਾਂ, ਔਰਤਾਂ ਅਤੇ ਨੌਜਵਾਨਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੇਂਦਰ ਅਤੇ ਸੂਬਾ ਸਰਕਾਰ ਨੂੰ ਲਲਕਾਰਿਆ। ਜਾਣਕਾਰੀ ਮੁਤਾਬਕ 12ਵੇਂ ਦਿਨ ਜਾਰੀ ਪੱਕੇ ਮੋਰਚੇ ਦੌਰਾਨ ਸੰਬੋਧਨ ਕਰਦਿਆਂ ਭਾਕਿਯੂ (ਉਗਰਾਹਾਂ) ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਬਿੱਕਰਜੀਤ ਸਿੰਘ ਕਾਲਖ ਪ੍ਰਧਾਨ ਰੋਡ ਸੰਘਰਸ਼ ਕਮੇਟੀ, ਰਾਜਿੰਦਰ ਸਿੰਘ ਖੱਟੜਾ ਪ੍ਰਧਾਨ ਡੇਹਲੋਂ, ਕੁਲਦੀਪ ਸਿੰਘ ਗੁੱਜਰਵਾਲ ਬਲਾਕ ਪ੍ਰਧਾਨ ਤੇ ਦਰਸ਼ਨ ਸਿੰਘ ਫੱਲੇਵਾਲ ਨੇ ਕਿਹਾ ਕਿ ਬਿਨਾਂ ਉਚਿਤ ਮੁਆਵਜ਼ਾ ਇੱਕ ਇੰਚ ਜ਼ਮੀਨ ਵੀ ਗ੍ਰਹਿਣ ਨਹੀਂ ਕਰਨ ਦਿੱਤੀ ਜਾਵੇਗੀ। ਕਿਸਾਨ ਆਗੂ ਜਸਬੀਰ ਸਿੰਘ ਕੋਟ ਆਗਾ, ਪਰਮਜੀਤ ਸਿੰਘ ਕੋਟ ਆਗਾ, ਅਵਤਾਰ ਸਿੰਘ ਝੁੱਗੀਆਂ ਬੇਗਾ, ਬੀਬੀ ਰਣਜੀਤ ਕੌਰ ਅਤੇ ਗੀਤਕਾਰ ਰਾਮ ਸਿੰਘ ਹਠੂਰ ਨੇ ਕਿਹਾ ਕਿ ਸਰਕਾਰਾਂ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਦੀ ਝੋਲੀ ਪਾਉਣ ਲਈ ਕਾਹਲੀਆਂ ਹਨ ਪਰ ਲੋਕ ਇਸ ਦਾ ਵਿਰੋਧ ਕਰਨਗੇ ਤੇ ਜ਼ਮੀਨਾਂ ਦੀ ਰਾਖੀ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਰਹਿਣਗੇ।