ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 4 ਜੁਲਾਈ
ਇੱਥੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਅੱਜ ਮੌਨਸੂਨ ਦੇ ਮੋਹਲੇਧਾਰ ਮੀਂਹ ਨਾਲ ਹਰ ਪਾਸੇ ਜਲ-ਥਲ ਹੋ ਗਿਆ। ਇਸ ਕਾਰਨ ਸ਼ਹਿਰ ਦੇ ਕਈ ਨੀਵੇਂ ਇਲਾਕਿਆਂ ਵਿੱਚ ਪਾਣੀ ਖੜ੍ਹਾ ਹੋ ਗਿਆ ਜਿਸ ਕਰ ਕੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਬੇਸ਼ੱਕ ਅੱਜ ਸਵੇਰੇ ਆਮ ਵਾਂਗ ਧੁੱਪ ਨਿਕਲੀ ਹੋਈ ਸੀ ਪਰ ਬਾਅਦ ਦੁਪਹਿਰ ਅਚਾਨਕ ਮੀਂਹ ਸ਼ੁਰੂ ਹੋ ਗਿਆ ਅਤੇ ਇਕ ਘੰਟੇ ਦੇ ਕਰੀਬ ਪਏ ਮੀਂਹ ਨੇ ਹਰ ਪਾਸੇ ਜਲ-ਥਲ ਕਰ ਦਿੱਤਾ। ਸ਼ਹਿਰ ਦੇ ਕੇਂਦਰੀ ਇਲਾਕੇ ਘੰਟਾ ਘਰ ਚੌਕ ਅਤੇ ਨਾਲ ਲੱਗਦੇ ਇਲਾਕਿਆਂ ਚੌੜਾ ਬਾਜ਼ਾਰ, ਕਿਤਾਬ ਬਾਜ਼ਾਰ, ਮੀਨਾ ਬਾਜ਼ਾਰ, ਮਾਲੀਗੰਜ, ਸਬਜ਼ੀ ਮੰਡੀ, ਮਾਤਾ ਰਾਣੀ ਚੌਕ, ਕੈਲਾਸ਼ ਸਿਨੇਮਾ ਚੌਕ, ਪ੍ਰਤਾਪ ਬਾਜ਼ਾਰ, ਦਰੇਸੀ ਰੋਡ, ਚੌਕ ਮੰਡੀ ਕੇਸਰਗੰਜ, ਸਾਬਣ ਬਾਜ਼ਾਰ, ਨੌਲੱਖਾ ਸਿਨੇਮਾ ਰੋਡ, ਘੁਮਾਰ ਮੰਡੀ ਅਤੇ ਹੈਬੋਵਾਲ ਆਦਿ ਵਿੱਚ ਭਾਰੀ ਮੀਂਹ ਪੈਣ ਨਾਲ ਗਲੀਆਂ ਤੇ ਸੜਕਾਂ ਵਿਚ ਕਈ-ਕਈ ਫੁੱਟ ਪਾਣੀ ਖੜ੍ਹਾ ਹੋ ਗਿਆ।
ਇਸ ਮੀਂਹ ਨਾਲ ਬੇਸ਼ੱਕ ਕੋਈ ਜਾਨੀ ਤੇ ਮਾਲੀ ਨੁਕਸਾਨ ਹੋਣ ਦੀ ਹਾਲੇ ਤੱਕ ਕੋਈ ਸੂਚਨਾ ਨਹੀਂ ਮਿਲੀ ਪਰ ਕਈ ਘੰਟੇ ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਕੁੱਝ ਇਲਾਕਿਆਂ ਵਿੱਚ ਆਵਾਜਾਈ ਜ਼ਰੂਰ ਠੱਪ ਰਹੀ। ਇਸ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪਿਆ। ਕਈ ਥਾਵਾਂ ’ਤੇ ਵਧ ਰਹੇ ਮੀਂਹ ਦੇ ਪਾਣੀ ਨੂੰ ਦੇਖਦਿਆਂ ਲੋਕਾਂ ਨੇ ਦੁਕਾਨਾਂ ਅਤੇ ਘਰਾਂ ਵਿੱਚ ਮੀਂਹ ਦਾ ਪਾਣੀ ਵੜਨ ਤੋਂ ਰੋਕਣ ਲਈ ਪ੍ਰਬੰਧ ਵੀ ਕਰ ਲਏ ਸਨ। ਲੋਕਾਂ ਨੇ ਆਪਣਾ ਖ਼ਰਾਬ ਹੋਣ ਵਾਲਾ ਸਾਮਾਨ ਵੀ ਸਾਂਭ ਲਿਆ ਸੀ। ਮੀਂਹ ਰੁਕਣ ਨਾਲ ਲੋਕਾਂ ਨੂੰ ਸੁੱਖ ਦਾ ਸਾਹ ਆਇਆ।
ਪੀਏਯੂ ਦੇ ਮੌਸਮ ਅਨੁਮਾਨ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਅੱਜ ਸ਼ਹਿਰ ਦੇ ਕੁੱਝ ਹਿੱਸਿਆਂ ਵਿੱਚ ਹੀ ਮੀਂਹ ਪਿਆ ਹੈ ਜਦੋਂਕਿ ਕਈ ਇਲਾਕੇ ਸੁੱਕੇ ਹੀ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ 34 ਐਮਐਮ ਦੀ ਕਰੀਬ ਮੀਂਹ ਪਿਆ ਹੈ। ਅਧਿਕਾਰੀ ਅਨੁਸਾਰ ਪੰਜ ਜੁਲਾਈ ਨੂੰ ਮੌਸਮ ਆਮ ਵਾਂਗ ਰਹੇਗਾ ਜਦੋਂਕਿ 6 ਅਤੇ 7 ਜੁਲਾਈ ਨੂੰ ਮੁੜ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।