ਸਤਵਿੰਦਰ ਬਸਰਾ
ਲੁਧਿਆਣਾ, 18 ਜੁਲਾਈ
ਪੰਜਾਬ ਵਿੱਚ ਮੌਨਸੂਨ ਆਈ ਨੂੰ ਕਈ ਦਿਨ ਹੋ ਗਏ ਹਨ ਪਰ ਲੁਧਿਆਣਾ ਜ਼ਿਲ੍ਹੇ ਵਿੱਚ ਮੌਨਸੂਨ ਦਾ ਅੱਜ ਦੂਜਾ ਮੀਂਹ ਪਿਆ। ਸਵੇਰ ਤੋਂ ਦੁਪਹਿਰ ਤੱਕ ਹਵਾ ਬੰਦ ਹੋਣ ਕਰ ਕੇ ਜਿਹੜਾ ਮੌਸਮ ਹੁੰਮਸ ਵਾਲਾ ਬਣਿਆ ਹੋਇਆ ਸੀ, ਉਹ ਦੁਪਹਿਰ ਬਾਅਦ ਆਏ ਮੀਂਹ ਨਾਲ ਪੂਰੀ ਤਰ੍ਹਾਂ ਖੁਸ਼ਗਵਾਰ ਹੋ ਗਿਆ। ਗਰਮੀ ਘਟਣ ਕਰ ਕੇ ਲੋਕਾਂ ਨੇ ਸੁੱਖ ਦਾ ਸਾਹ ਲਿਆ।
ਮੌਸਮ ਵਿਭਾਗ ਵੱਲੋਂ ਅੱਜ ਭਰਵਾਂ ਮੀਂਹ ਪੈਣ ਦੀਆਂ ਸੰਭਾਵਨਾਵਾਂ ਪ੍ਰਗਟਾਈਆਂ ਗਈਆਂ ਸਨ। ਸਵੇਰ ਸਮੇਂ ਹਵਾ ਪੂਰੀ ਤਰ੍ਹਾਂ ਬੰਦ ਹੋਣ ਕਰ ਕੇ ਮੌਸਮ ਹੁੰਮਸ ਵਾਲਾ ਬਣਿਆ ਹੋਇਆ ਸੀ। ਇਸ ਦੌਰਾਨ ਤਾਜਪੁਰ ਰੋਡ, ਟਿੱਬਾ ਰੋਡਾ ਦੇ ਕਈ ਹੋਰ ਇਲਾਕਿਆਂ ਵਿੱਚ ਕਰੀਬ ਚਾਰ ਘੰਟੇ ਬਿਜਲੀ ਬੰਦ ਰਹਿਣ ਕਾਰਨ ਲੋਕ ਗਰਮੀ ਨਾਲ ਤੜਫ ਰਹੇ ਸਨ। ਦੁਪਹਿਰ ਕਰੀਬ ਢਾਈ ਕੁ ਵਜੇ ਮੌਸਮ ਵਿੱਚ ਇਕਦਮ ਬਦਲਾਅ ਆਇਆ ਅਤੇ ਅਕਾਸ਼ ਵਿੱਚ ਸੰਘਣੀ ਬੱਦਲਵਾਈ ਛਾ ਗਈ। ਭਾਵੇਂ ਸੰਭਾਵਨਾ ਅਨੁਸਾਰ ਮੀਂਹ ਘੱਟ ਪਿਆ ਪਰ ਇਸ ਨੇ ਲੋਕਾਂ ਨੂੰ ਕਈ ਦਿਨਾਂ ਤੋਂ ਵਧੀ ਗਰਮੀ ਤੋਂ ਕਾਫ਼ੀ ਰਾਹਤ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਵੀ ਅਕਾਸ਼ ਵਿੱਚ ਸੰਘਣੀ ਬੱਦਲਵਾਈ ਸੀ ਅਤੇ ਕਿਣਮਿਣ ਹੋ ਰਹੀ ਸੀ। ਦੂਜੇ ਪਾਸੇ, ਪੀਏਯੂ ਮੌਸਮ ਵਿਭਾਗ ਅਨੁਸਾਰ ਅੱਜ ਵੱਧ ਤੋਂ ਵੱਧ ਤਾਪਮਾਨ 35.8 ਅਤੇ ਘੱਟ ਤੋਂ ਘੱਟ ਤਾਪਮਾਨ 31.4 ਡਿਗਰੀ ਸੈਲਸੀਅਸ ਰਿਹਾ ਜਦਕਿ ਅੱਜ ਜ਼ਿਲ੍ਹੇ ਵਿੱਚ 12.8 ਐਮਐਮ ਮੀਂਹ ਦਰਜ ਕੀਤਾ ਗਿਆ ਹੈ। ਇਸ ਦੌਰਾਨ ਸ਼ਹਿਰ ਦੀਆਂ ਕਈ ਨੀਵੀਆਂ ਸੜਕਾਂ, ਗਲੀਆਂ ਵਿੱਚ ਪਾਣੀ ਖੜ੍ਹਾ ਹੋਣ ਕਾਰਨ ਰਾਹਗੀਰਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।