ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 24 ਅਗਸਤ
ਸਥਾਨਕ ਰਵਿਦਾਸ ਮੁਹੱਲਾ ਵਾਸੀਆਂ ਨੇ ਪੁਲੀਸ ਕੋਲ ਸ਼ਿਕਾਇਤ ਕੀਤੀ ਹੈ ਕਿ ਮੁਹੱਲੇ ’ਚ ਰਹਿਣ ਵਾਲੇ ਨਸ਼ੇੜੀ ਨੌਜਵਾਨ ਲੋਕਾਂ ਲਈ ਪ੍ਰੇਸ਼ਾਨੀ ਪੈਦਾ ਕਰ ਰਹੇ ਹਨ। ਅੱਜ ਮਾਛੀਵਾੜਾ ਪੁਲੀਸ ਥਾਣੇ ਵਿਚ ਇਕੱਤਰ ਹੋਏ ਨਿਰਪਾਲ ਸਿੰਘ, ਰਾਮ ਸ਼ਰਨ, ਦਵਿੰਦਰ ਸਿੰਘ, ਕੁਲਵਿੰਦਰ ਸਿੰਘ, ਸਿਮਰਨ ਕੌਰ, ਅਮਰਪ੍ਰੀਤ ਸਿੰਘ, ਸੁਰਿੰਦਰ ਕੁਮਾਰ, ਮਨਜੀਤ ਕੌਰ, ਚਰਨਜੀਤ ਕੌਰ, ਰੌਸ਼ਨ ਲਾਲ, ਜੋਗਿੰਦਰ ਸਿੰਘ, ਹਰਪਾਲ ਸਿੰਘ, ਸਤਨਾਮ, ਮਹਿੰਦਰ ਸਿੰਘ, ਜਸਵੀਰ ਕੌਰ ਤੇ ਨਰਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਮੁਹੱਲੇ ਵਿਚ ਰਹਿੰਦੇ ਨਸ਼ੇੜੀ ਨੌਜਵਾਨ ਨੇ ਕਿ ਲੰਘੀ 22 ਅਗਸਤ ਨੂੰ ਰਾਤ ਨੂੰ ਇੱਕ ਬਜ਼ੁਰਗ ਔਰਤ ਨੂੰ ਘਰ ’ਚ ਇਕੱਲੀ ਦੇਖ ਕੇ ਉਸ ਤੋਂ ਕੁਝ ਲੁੱਟਣ ਦੀ ਨੀਅਤ ਨਾਲ ਗਲਾ ਘੋਟ ਦਿੱਤਾ ਪਰ ਪਰਿਵਾਰਕ ਮੈਂਬਰਾਂ ਦੇ ਮੌਕੇ ’ਤੇ ਪੁੱਜਣ ਕਾਰਨ ਬਜ਼ੁਰਗ ਦਾ ਬਚਾਅ ਹੋ ਗਿਆ।
ਮੁਹੱਲਾ ਵਾਸੀਆਂ ਨੇ ਕਿਹਾ ਕਿ ਨਸ਼ੇੜੀ ਨੌਜਵਾਨ ਦੀਆਂ ਹਰਕਤਾਂ ਕਾਰਨ ਉਹ ਖੌਫ਼ਜ਼ਦਾ ਹਨ। ਉਨ੍ਹਾਂ ਮੰਗ ਕੀਤੀ ਕਿ ਅਜਿਹੇ ਵਿਅਕਤੀ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਥਾਣਾ ਮੁਖੀ ਇੰਸਪੈਕਟਰ ਵਿਜੈ ਕੁਮਾਰ ਨੇ ਕਿਹਾ ਕਿ ਮੁਹੱਲਾ ਵਾਸੀਆਂ ਦੇ ਜਾਨ-ਮਾਲ ਦੀ ਸੁਰੱਖਿਆ ਪਹਿਲ ਦੇ ਆਧਾਰ ’ਤੇ ਕੀਤੀ। ਉਨ੍ਹਾਂ ਮੁਹੱਲਾ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਪੁਲੀਸ ਸਖ਼ਤੀ ਨਾਲ ਕਾਰਵਾਈ ਕਰੇਗੀ।