ਜੋਗਿੰਦਰ ਸਿੰਘ ਓਬਰਾਏ
ਖੰਨਾ, 22 ਮਈ
ਕੇਂਦਰ ਵਿਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਜੇ ਅੱਜ ਕਿਸੇ ਤੋਂ ਡਰਦੀ ਹੈ ਤਾਂ ਉਹ ਸਿਰਫ ਅਰਵਿੰਦ ਕੇਜਰੀਵਾਲ ਹੈ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਵੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਦੇਸ਼ ਵਿੱਚ ਭਾਜਪਾ ਨੂੰ ਆਮ ਆਦਮੀ ਪਾਰਟੀ ਹੀ ਚੁਣੌਤੀ ਦੇ ਸਕਦੀ ਹੈ। ਇਹ ਗੱਲ ਅੱਜ ਇਥੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਾਬਕਾ ਮੈਂਬਰ ਪਾਰਲੀਮੈਂਟ ਸਮਸ਼ੇਰ ਸਿੰਘ ਦੂਲੋ ਦੇ ਨੇੜਲੇ ਸਾਥੀ ਯਾਦਵਿੰਦਰ ਸਿੰਘ ਲਿਬੜਾ ਤੇ ਉਨ੍ਹਾਂ ਦੇ 120 ਤੋਂ ਵਧੇਰੇ ਸਾਥੀਆਂ ਨੂੰ ਪਾਰਟੀ ਵਿਚ ਸ਼ਾਮਲ ਕਰਦਿਆਂ ਕਹੀ। ਉਨ੍ਹਾਂ ਸ੍ਰੀ ਲਿਬੜਾ ਅਤੇ ਵੱਖ-ਵੱਖ ਪਿੰਡਾਂ ਦੇ ਪੰਚਾਂ ਸਰਪੰਚਾਂ ਨੂੰ ਸਿਰੋਪਾਓ ਪਾ ਕੇ ਸਨਮਾਨਤ ਕਰਦਿਆਂ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦੇਣ ਦਾ ਵਾਅਦਾ ਕੀਤਾ। ਸ੍ਰੀ ਜੌੜਾਮਾਜਰਾ ਨੇ ਕਿਹਾ ਕਿ ਪਾਰਟੀ ਨੇ ਵਿਧਾਨ ਸਭਾ ਚੋਣਾਂ ਮੌਕੇ ਕੀਤਾ ਇਕ ਇਕ ਵਾਅਦਾ ਪੂਰਾ ਕੀਤਾ ਹੈ ਅਤੇ ਔਰਤਾਂ ਨੂੰ ਦਿੱਤਾ ਜਾਣ ਵਾਲਾ 1 ਹਜ਼ਾਰ ਰੁਪਏ ਮਹੀਨੇ ਦਾ ਵਾਅਦਾ ਵੀ ਜਲਦ ਪੂਰਾ ਕੀਤਾ ਜਾਵੇਗਾ। ਇਸ ਮੌਕੇ ਸ੍ਰੀ ਲਿਬੜਾ ਨੇ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਖੰਨਾ ਕਾਂਗਰਸ ਵਿੱਚ ਹੁਣ ਟਕਸਾਲੀ ਕਾਂਗਰਸੀਆਂ ਦੀ ਕੋਈ ਇੱਜ਼ਤ ਨਹੀਂ ਰਹੀ। ਉਹ ‘ਆਪ’ ਦੀਆਂ ਲੋਕ ਹਿਤੈਸ਼ੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਦਿਨ ਰਾਤ ਮਿਹਨਤ ਕਰਕੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪੰਹੁਚਾਉਣਗੇ। ਇਸ ਮੌਕੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਲਛਮਣ ਸਿੰਘ ਗਰੇਵਾਲ, ਹਰਬੰਸ ਸਿੰਘ ਰੋਸ਼ਾ, ਹਰਵੀਰ ਸਿੰਘ ਸੋਨੂੰ, ਧਰਮਿੰਦਰ ਸਿੰਘ ਰੂਪਰਾਏ, ਮਨਰੀਤ ਸਿੰਘ ਨਾਗਰਾ, ਗੁਰਦੀਪ ਸਿੰਘ ਦੀਪੂ, ਭੁਪਿੰਦਰ ਸਿੰਘ ਹਾਜ਼ਰ ਸਨ।