
ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨਾਲ ਖੁਸ਼ੀ ਸਾਂਝੀ ਕਰਦੇ ਵਾਲੰਟੀਅਰ।
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 26 ਮਈ
ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਦੇ ਵਿਧਾਨ ਸਭਾ ਚੋਣਾਂ ਮੌਕੇ ਦੋਵੇਂ ਵਾਰ ਚੋਣ ਦਫ਼ਤਰਾਂ ਦਾ ਉਦਘਾਟਨ ਤੇ ਪ੍ਰਚਾਰ ਕਰਨ ਵਾਲੇ ਦਿੱਲੀ ਦੇ ਸਾਬਕਾ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਅੱਜ ਜ਼ਮਾਨਤ ਮਿਲਣ ’ਤੇ ਇਥੇ ਜਸ਼ਨ ਮਨਾਇਆ ਗਿਆ। ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਤੇ ਵਾਲੰਟੀਅਰਾਂ ਨੇ ਇਕੱਠੇ ਹੋ ਕੇ ਮਠਿਆਈ ਵੰਡੀ। ਇਨ੍ਹਾਂ ਵਾਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਜਾਣਬੁੱਝ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਉੱਪਰ ਝੂਠੇ ਦੋਸ਼ ਲਗਾ ਕੇ ਬਦਨਾਮ ਕਰਨ ਵਿੱਚ ਲੱਗੀ ਹੋਈ ਹੈ ਤਾਂ ਜੋ 2024 ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ਆਮ ਆਦਮੀ ਪਾਰਟੀ ਦਾ ਲੋਕਾਂ ਵਿੱਚੋਂ ਆਧਾਰ ਖ਼ਤਮ ਕੀਤਾ ਜਾ ਸਕੇ ਅਤੇ ਲੋਕ ਸਭਾ ਚੋਣਾਂ ਸੌਖੇ ਢੰਗ ਨਾਲ ਜਿੱਤੀਆਂ ਜਾ ਸਕਣ। ਲੋਕ ਆਮ ਆਦਮੀ ਪਾਰਟੀ ਦੀ ਇਮਾਨਦਾਰੀ ਅਤੇ ਵਧੀਆ ਕਾਰਗੁਜ਼ਾਰੀ ਬਾਰੇ ਭਲੀਭਾਂਤ ਜਾਣੂ ਹਨ ਅਤੇ ਭਾਜਪਾ ਦੇ ਮਨਸੂਬੇ ਕਿਸੇ ਵੀ ਕੀਮਤ ਉੱਪਰ ਕਾਮਯਾਬ ਨਹੀਂ ਹੋਣਗੇ। ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਭਾਜਪਾ ਨੂੰ ਮੂਧੇ ਮੂੰਹ ਸੁੱਟ ਕੇ ਲੋਕਾਂ ਨੇ ਤਾਜ਼ਾ ਮਿਸਾਲ ਦਿੱਤੀ ਹੈ। ਭਾਜਪਾ ਦੇ ਉਮੀਦਵਾਰ ਦੀ ਜ਼ਮਾਨਤ ਤੱਕ ਜ਼ਬਤ ਹੋ ਗਈ। ਬੀਬੀ ਮਾਣੂੰਕੇ ਨੇ ਕਿਹਾ ਕਿ ਮੋਦੀ ਸਰਕਾਰ ਈਡੀ ਅਤੇ ਸੀਬੀਆਈ ਨੂੰ ਆਪਣੇ ਹਥਿਆਰ ਬਣਾ ਕੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿਆਮ ਆਦਮੀ ਪਾਰਟੀ ਨੂੰ ਦੇਸ਼ ਦੀ ਨਿਆਂ ਪ੍ਰਣਾਲੀ ਉੱਪਰ ਪੂਰਨ ਵਿਸ਼ਵਾਸ਼ ਹੈ ਅਤੇ ਇਹ ਸਾਰੇ ਆਗੂ ਭਾਜਪਾ ਵੱਲੋਂ ਬਣਾਏ ਝੂਠੇ ਕੇਸਾਂ ਵਿੱਚੋਂ ਬਾਇੱਜ਼ਤ ਬਰੀ ਹੋ ਕੇ ਨਿਕਲਣਗੇ। ਇਸ ਮੌਕੇ ਬਲਾਕ ਪ੍ਰਧਾਨ ਨਿਰਭੈ ਸਿੰਘ ਕਮਾਲਪੁਰਾ, ਐਡਵੋਕੇਟ ਕਰਮ ਸਿੰਘ ਸਿੱਧੂ, ਇੰਦਰਜੀਤ ਸਿੰਘ ਲੰਮੇ, ਕਾਕਾ ਕੋਠੇ ਅੱਠ ਚੱਕ, ਸੁਭਾਸ਼ ਸ਼ਰਮਾ, ਸਨੀ ਬਤਰਾ, ਨੋਨੀ ਸੈਂਭੀ, ਤਰਸੇਮ ਸਿੰਘ ਹਠੂਰ ਮੌਜੂਦ ਸਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ