ਪੱਤਰ ਪ੍ਰੇਰਕ
ਸਮਰਾਲਾ, 14 ਅਗਸਤ
ਹਲਕਾ ਸਮਰਾਲਾ ਤੋਂ ਭਾਜਪਾ ਦੇ ਸੀਨੀਅਰ ਆਗੂ ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਕਿਹਾ ਕਿ ਮੋਦੀ ਸਰਕਾਰ ਦੀ ਘਰ-ਘਰ ਤਿਰੰਗਾਂ ਮੁਹਿੰਮ ’ਚ ਦੇਸ਼ਵਾਸੀਆਂ ਦੇ ਉਤਸ਼ਾਹ ਅਤੇ ਇਕਜੁੱਟਤਾ ਨੇ ਪੂਰੀ ਦੁਨੀਆਂ ਨੂੰ ਭਾਰਤ ਦੀ ਤਾਕਤ ਵਿਖਾਈ ਹੈ। ਉਹ ਅੱਜ ਇੱਥੇ ਹਲਕਾ ਸਮਰਾਲਾ ਵਿੱਚ ਭਾਜਪਾ ਵੱਲੋਂ ਕੱਢੀ ਗਈ ਤਿਰੰਗਾ ਯਾਤਰਾ ਦੀ ਅਗਵਾਈ ਕਰ ਰਹੇ ਸਨ। ਸਰਦਾਰ ਢਿੱਲੋਂ ਨੇ ਆਖਿਆ ਕਿ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਆਜ਼ਾਦੀ ਦੀ 75ਵੀਂ ਵਰ੍ਹੇਗੰਢ ’ਤੇ ਕੱਢੀ ਜਾ ਰਹੀ ਇਹ ਤਿਰੰਗਾ ਯਾਤਰਾ ਹਲਕੇ ਦੇ 100 ਤੋਂ ਵੱਧ ਪਿੰਡਾਂ ਵਿੱਚ ਜਾਵੇਗੀ, ਜਿੱਥੇ ਕਿ ਲੋਕ ਪੂਰੇ ਉਤਸ਼ਾਹ ਨਾਲ ਇਸ ਵਿੱਚ ਸ਼ਮੂਲੀਅਤ ਕਰਨਗੇ। ਇਸ ਤੋਂ ਪਹਿਲਾਂ ਇਹ ਤਿਰੰਗਾ ਯਾਤਰਾ ਹਲਕੇ ਦੇ ਪਿੰਡ ਓਟਾਲਾ ਤੋਂ ਸ਼ੁਰੂ ਹੋਈ ਅਤੇ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦੀ ਹੋਈ ਸ੍ਰੀ ਮਾਛੀਵਾੜਾ ਸਾਹਿਬ ਵਿੱਚ ਪਹੁੰਚੀ। ਇਸ ਮੌਕੇ ਮਲਕੀਤ ਕੌਰ ਢਿੱਲੋਂ, ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਕੌਰ ਕੌਫੀ, ਭਾਜਪਾ ਇੰਚਾਰਜ ਰਣਜੀਤ ਸਿੰਘ ਗਹਿਲੇਵਾਲ, ਹਰਦੀਪ ਸਿੰਘ ਢਿੱਲੋਂ ਆਦਿ ਨੇ ਸੰਬੋਧਨ ਕੀਤਾ।
ਸ਼ਿਵ ਸੈਨਾ ਯੂਥ ਇਕਾਈ ਨੇ ਕੱਢੀ ਤਿਰੰਗਾ ਯਾਤਰਾ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਸ਼ਿਵ ਸੈਨਾ ਦੇ ਯੂਥ ਵਿੰਗ ਸੁਪਰੀਮੋ ਅਦਿੱਤਿਆ ਠਾਕਰੇ, ਸੂਬਾ ਇੰਚਾਰਜ ਹਨੀ ਮਹਾਜਨ ਅਤੇ ਪ੍ਰਮੁੱਖ ਸੰਜੀਵ ਭਾਸਕਰ ਦੇ ਦਿਸ਼ਾ ਨਿਰਦੇਸ਼ ਤਹਿਤ ਯੂਥ ਇਕਾਈ ਵੱਲੋਂ ਦੀਪਕ ਰਾਣਾ ਦੀ ਅਗਵਾਈ ਹੇਠ ਆਜ਼ਾਦੀ ਦਿਵਸ ਦੇ ਸਬੰਧ ਵਿੱਚ ਤਿਰੰਗਾ ਯਾਤਰਾ ਕੱਢੀ ਗਈ। ਇਹ ਯਾਤਰਾ ਜਲੰਧਰ ਬਾਈਪਾਸ ਸਥਿਤ ਡਾ. ਬੀ ਆਰ ਅੰਬੇਦਕਰ ਦੇ ਬੁੱਤ ਤੇ ਫੁੱਲ ਮਾਲਾਵਾਂ ਭੇਟ ਕਰਨ ਤੋਂ ਬਾਅਦ ਸ਼ੁਰੂ ਹੋਈ, ਜੋ ਸਲੇਮ ਟਾਬਰੀ, ਪੁਰਾਣੀ ਸਬਜ਼ੀ ਮੰਡੀ ਚੌਕ, ਮਾਲੀਗੰਜ, ਮੀਨਾ ਬਾਜ਼ਾਰ, ਚੌੜਾ ਬਾਜ਼ਾਰ, ਘੰਟਾ ਘਰ ਚੌਕ, ਰੇਲਵੇ ਸਟੇਸ਼ਨ, ਲੋਕਲ ਬੱਸ ਅੱਡਾ, ਫੀਲਡਗੰਜ ਚੌਕ ਤੋਂ ਹੁੰਦੇ ਹੋਏ ਜਗਰਾਉਂ ਪੁਲ ’ਤੇ ਸ਼ਹੀਦਾਂ ਦੇ ਬੁੱਤਾਂ ’ਤੇ ਸ਼ਰਧਾ ਦੇ ਫੁੱਲ ਅਰਪਿਤ ਕਰਨ ਉਪਰੰਤ ਸਮਾਪਤ ਹੋਈ।