ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 20 ਨਵੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਅਤੇ ਸਹਿਯੋਗੀ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਆਰੰਭਿਆ ਸੰਘਰਸ਼ 51ਵੇਂ ਦਿਨ ਵੀ ਪੂਰਾ ਮਘਿਆ ਹੋਇਆ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਅੜੇ ਕਿਸਾਨ ਮਜ਼ਦੂਰਾਂ ਦੇ ਪਰਿਵਾਰ ਵੀ ਆਪਣੇ ਖੇਤਾਂ ਨੂੰ ਬਚਾਉਣ ਲਈ ਸੰਘਰਸ਼ ਦੇ ਪਿੜ੍ਹਾਂ’ਚ ਆ ਬੈਠੇ ਹਨ। ਚੌਂਕੀਮਾਨ ਟੋਲ ਪਲਾਜ਼ੇ ’ਤੇ ਵੀ ਪੂਰੀ ਗਹਿਮਾਂ-ਗਹਿਮੀ ਹੈ। ਰੇਲਵੇ ਸਟੇਸ਼ਨ ਧਰਨੇ ’ਤੇ ਬੋਲਣ ਵਾਲੇ ਆਗੂਆਂ ਮਦਨ ਸਿੰਘ, ਸੁਜ਼ਾਪੁਰ, ਬਲਵਿੰਦਰ ਕਮਾਲਪੁਰਾ ਤੇ ਹਰਦੀਪ ਗਾਲਬਿ ਨੇ ਕਾਲੇ ਕਾਨੂੰਨ ਰੱਦ ਹੋਣ ਤੱਕ ਅੰਦੋਲਨ ਜਾਰੀ ਰੱਖਣ ਦਾ ਐਲਾਨ ਕੀਤਾ। ਉੱਘੇ ਸਾਹਿਤਕਾਰ ਹਰਬੰਸ ਅਖਾੜਾ, ਡਾ. ਦਲਜੀਤ ਸਿੰਘ, ਮਜ਼ਦੂਰ ਆਗੂ ਕੰਵਲਜੀਤ ਖੰਨਾ, ਗੁਰਇਕਬਾਲ ਰੂੰਮੀ ਨੇ ਆਖਿਆ ਮੋਦੀ ਸਰਕਾਰ ਵੱਡੇ ਭਰਮ ’ਚ ਹੈ ਕਿ ਪੰਜਾਬ ਦੀ ਆਰਥਿਕ ਨਾਕੇਬੰਦੀ ਕਰਕੇ ਸੰਘਰਸ਼ ਨੂੰ ਤਾਰਪੀਡੋ ਕਰਨ ’ਚ ਕਾਮਯਾਬ ਹੋ ਜਾਵੇਗੀ। ਬੁਲਾਰਿਆਂ ਨੇ ਕੈਪਟਨ ਅਮਰਿੰਦਰ ਸਿੰਘ, ਬਾਦਲਾਂ ਅਤੇ ਭਾਜਪਾ ਦੇ ਦੋਗਲੇ ਕਿਰਦਾਰ ਦੀ ਵੀ ਰੱਜ ਭੰਡੀ ਕੀਤੀ।
ਦਿੱਲੀ ਘੇਰਨ ਲਈ ਆਗੂਆਂ ਵੱਲੋਂ ਘਰ-ਘਰ ਦਸਤਕ
ਜਗਰਾਉਂ: ਖੇਤੀ ਸਬੰਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 30 ਕਿਸਾਨ ਅਤੇ ਉਨ੍ਹਾਂ ਨਾਲ ਸਹਿਯੋਗੀ ਮਜ਼ਦੂਰ ਜਥੇਬੰਦੀਆਂ ਨੇ ਪਿੰਡ-ਪਿੰਡ ਜਾਗਰੂਕਤਾ ਮੁਹਿੰਮ ਆਰੰਭੀ ਹੋਈ ਹੈ। ਇਸੇ ਤਹਿਤ ਮਜ਼ਦੂਰ ਆਗੂ ਅਵਤਾਰ ਰਸੂਲਪੁਰ, ਜਰਨੈਲ ਸਿੰਘ, ਗੁਰਚਰਨ ਸਿੰਘ, ਦਲੀਪ ਸਿੰਘ, ਹਰਬੰਸ ਲਾਲ, ਹਰਪਾਲ ਸਿੰਘ, ਸਤਿੰਦਰਪਾਲ ਸਿੰਘ ਆਦਿ ਦੀ ਅਗਵਾਈ ਹੇਠ ਪਿੰਡ ਰਸੂਲਪੁਰ ’ਚ ਦਿੱਲੀ ਘੇਰੋ ਪ੍ਰੋਗਰਾਮ ਦੀ ਸਫਲਤਾ ਲਈ ਰੈਲੀ ਕੀਤੀ ਗਈ। ਇਸ ਮੌਕੇ ਜਥੇਬੰਦੀਆਂ ਦੇ ਕਾਰਕੁਨਾ ਦੀ ਪਿੰਡ ਦੇ ਲੋਕਾਂ ਨੇ ਵਿੱਤੀ ਮਦਦ ਕੀਤੀ। ਆਗੂਆਂ ਨੇ ਲੋਕਾਂ ਨੂੰ ਵੱਡੇ ਕਾਫਲੇ ਬਣਾ ਕੇ ਆਪਣੇ ਖੇਤ, ਪਿੰਡ ਅਤੇ ਰੁਜ਼ਗਾਰ ਬਚਾਉਣ ਦਾ ਨਾਅਰਾ ਦਿੰਦਿਆਂ ਇੱਕਜੁੱਟ ਅਤੇ ਸਰਕਾਰਾਂ ਤੇ ਰਾਜਨੀਤਕ ਦਲਾਂ ਦੀਆਂ ਚਾਲਾਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ।
ਬੀਕੇਯੂ ਏਕਤਾ ਉਗਰਾਹਾਂ ਨੇ ਐੱਸਡੀਐੱਮ ਨੂੰ ਦਿੱਤਾ ਮੰਗ ਪੱਤਰ
ਪਾਇਲ (ਦੇਵਿੰਦਰ ਸਿੰਘ ਜੱਗੀ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਿਸਾਨਾਂ ਦੇ ਭਖਦੇ ਮਸਲਿਆਂ ਸਬੰਧੀ ਮੁੱਖ ਮੰਤਰੀ ਪੰਜਾਬ ਸਰਕਾਰ ਚੰਡੀਗੜ੍ਹ ਨੂੰ ਐੱਸਡੀਐੱਮ ਪਾਇਲ ਮਨਕੰਮਲ ਸਿੰਘ ਚਾਹਲ ਰਾਹੀ ਮੰਗ ਪੱਤਰ ਭੇਜਿਆ ਗਿਆ। ਬੁਲਾਰਿਆਂ ਕਿਹਾ ਕਿ ਕੇਂਦਰ ਸਰਕਾਰ ਵਿਰੁੱਧ ਕਾਲੇ ਕਾਨੂੰਨਾਂ ਦੀ ਵਾਪਸੀ ਲਈ ਕੀਤੇ ਜਾ ਰਹੇ ਸੰਘਰਸ਼ ਦਰਮਿਆਨ ਅੱਜ ਕਿਸਾਨਾਂ ਦੇ ਵਫ਼ਦ ਦੁਆਰਾ ਕੈਪਟਨ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਫੈਸਲਿਆਂ ਨੂੰ ਰੱਦ ਕਰਨ ਲਈ ਮੰਗ ਪੱਤਰ ਭੇਜਿਆ ਗਿਆ ਹੈ।