ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 30 ਅਗਸਤ
ਨਾਨਕਸਰ ਸੰਪਰਦਾਇ ਦੇ ਬਾਨੀ ਬਾਬਾ ਨੰਦ ਸਿੰਘ ਵੱਲੋਂ 1906 ’ਚ ਹੱਥੀਂ ਬਣਾਏ ਪੁਰਾਣੀ ਦਾਣਾ ਮੰਡੀ ਦੇ ਗੇਟ ਨੂੰ ਆਧੁਨਿਕ ਰੂਪ ਦਿੱਤਾ ਗਿਆ ਹੈ। ਬਾਬਾ ਨੰਦ ਸਿੰਘ ਨਾਨਕਸਰ ਦੇ ਨਾਂ ’ਤੇ ਹੀ ਬਣਾਏ ਗਏ ਇਸ ਗੇਟ ਦਾ ਉਦਘਾਟਨ ਅੱਜ ਸਾਬਕਾ ਮੰਤਰੀ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਨੇ ਬਾਬਾ ਅਰਵਿੰਦਰ ਸਿੰਘ ਨਾਨਕਸਰ ਨਾਲ ਮਿਲ ਕੇ ਕੀਤਾ। ਗੇਟ ਬਣਾਉਣ ਦਾ ਬੀੜਾ ਆੜ੍ਹਤੀ ਐਸੋਸੀਏਸ਼ਨ ਨੇ ਚੁੱਕਿਆ ਜਿਸ ’ਚ ਪ੍ਰਧਾਨ ਸੁਰਜੀਤ ਸਿੰਘ ਕਲੇਰ ਅਤੇ ਜਨਰਲ ਸਕੱਤਰ ਜਗਜੀਤ ਸਿੰਘ ਸਿੱਧੂ ਨੇ ਸਾਥੀਆਂ ਨਾਲ ਮਿਲ ਕੇ ਮੋਹਰੀ ਭੂਮਿਕਾ ਨਿਭਾਈ। ਇਨ੍ਹਾਂ ’ਚ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ, ਮੱਖਣ ਕੁਮਾਰ ਤੋਂ ਇਲਾਵਾ ਸੀਮਿੰਟ, ਸਰੀਆ ਆਦਿ ਦਾਨ ਦੇਣ ਵਾਲਿਆਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਅੱਜ ਉਦਘਾਟਨੀ ਸਮਾਗਮ ਮੌਕੇ ਦੱਸਿਆ ਗਿਆ ਕਿ ਗੇਟ ਬਣਾਉਣ ’ਚ ਕਈਆਂ ਨੇ ਮਿਹਨਤਾਨਾ ਵੀ ਨਹੀਂ ਲਿਆ ਜਦਕਿ ਬਾਕੀ ਕੰਮ ’ਤੇ ਸਾਢੇ 12 ਲੱਖ ਤੋਂ ਵਧੇਰੇ ਦਾ ਖਰਚਾ ਆਇਆ। ਆੜ੍ਹਤੀ ਜਗਜੀਤ ਸਿੱਧੂ ਨੇ ਦੱਸਿਆ ਕਿ ਪਹਿਲਾ ਗੇਟ ਖਸਤਾ ਹਾਲ ਹੋਣ ਕਰਕੇ ਡਿੱਗਣ ਵਾਲਾ ਸੀ ਪਰ ਸ਼ਰਧਾ ਜੁੜੀ ਹੋਣ ਕਰਕੇ ਪੁਰਾਣੇ ਗੇਟ ਵਾਲਾ ਸਾਰਾ ਮਲਬਾ ਕਿਧਰੇ ਹੋਰ ਸੁੱਟਣ ਦੀ ਥਾਂ ਗੁਰਦੁਆਰਾ ਸਾਹਿਬ ਦੇ ਵਿਹੜੇ ’ਚ ਪਾਇਆ ਗਿਆ।