ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 25 ਅਗਸਤ
ਨਵ-ਨਿਯੁਕਤ ਪੁਲੀਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਅਹੁਦਾ ਸੰਭਾਲਦੇ ਹੀ ਸ਼ਹਿਰ ਵਿੱਚ ਪੁਲੀਸ ਦਾ ਦਬਦਬਾ ਇੱਕ ਵਾਰ ਫਿਰ ਕਾਇਮ ਕਰ ਦਿੱਤਾ ਹੈ। ਬੀਤੀ ਰਾਤ ਲੁਧਿਆਣਾ ਪੁਲੀਸ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਮੌਕ ਡਰਿੱਲ ਕਰ ਕੇ ਪੁਲੀਸ ਦਾ ਸ਼ਕਤੀ ਪ੍ਰਦਰਸ਼ਨ ਕੀਤਾ।
ਪੁਲੀਸ ਕਮਿਸ਼ਨਰ ਨੌਨਿਹਾਲ ਸਿੰਘ ਦੀ ਅਗਵਾਈ ’ਚ ਮੰਗਲਵਾਰ ਦੀ ਦੇਰ ਰਾਤ ਨੂੰ ਸ਼ਹਿਰ ’ਚ ਇੱਕ ਮੌਕ ਡਰਿੱਲ ਕੀਤੀ ਗਈ। ਇਸ ’ਚ ਦੋਵੇਂ ਜੁਆਇੰਟ ਪੁਲੀਸ ਕਮਿਸ਼ਨਰ, ਦੋ ਔਰਤ ਏਡੀਸੀਪੀ, ਏਸੀਪੀ, 24 ਥਾਣਿਆਂ ਦੇ ਐਸਐਸਓ, 14 ਯੂਨਿਟ ਇੰਚਾਰਜਾਂ ਦੇ ਨਾਲ-ਨਾਲ ਸਾਰੇ ਚੌਕੀ ਇੰਚਾਰਜ ਵੀ ਮੌਜੂਦ ਸਨ। ਪੀਸੀਆਰ ਮੋਟਰਸਾਈਕਲ ਤੇ ਪੀਸੀਆਰ ਕਾਰਾਂ ਵੀ ਮੌਜੂਦ ਸੀ। ਮੌਕ ਡਰਿੱਲ ਦੁੱਗਰੀ ਦੇ ਫੇਸ-1 ਸਥਿਤ ਮਾਰਕੀਟ ਤੋਂ ਸ਼ੁਰੂ ਹੋਇਆ ਤੇ ਪਹਿਲਾਂ ਪੁਆਇੰਟ ਦਰੇਸੀ ਰੱਖਿਆ ਗਿਆ ਸੀ, ਜਦੋਂਕਿ ਦੂਜਾ ਪੁਆਇੰਟ ਰੇਲਵੇ ਸਟੇਸ਼ਨ ਰੱਖਿਆ ਗਿਆ ਸੀ। ਰੇਲਵੇ ਸਟੇਸ਼ਨ ’ਤੇ ਮੌਕ ਡਰਿੱਲ ਖ਼ਤਮ ਕੀਤੀ ਗਈ।
ਪੁਲੀਸ ਕਮਿਸ਼ਨਰ ਨੌਨਹਿਾਲ ਸਿੰਘ ਦੀ ਅਗਵਾਈ ’ਚ ਜੁਆਇੰਟ ਪੁਲੀਸ ਕਮਿਸ਼ਨਰ ਸਿਟੀ ਦੀਪਕ ਪਾਰੀਕ ਅਤੇ ਜੁਆਇੰਟ ਪੁਲੀਸ ਕਮਿਸ਼ਨਰ ਡਾ. ਸਚਿਨ ਗੁਪਤਾ ਦੇ ਨਾਲ ਨਾਲ ਏਡੀਸੀਪੀ ਡਾ. ਪ੍ਰਗਿਆ ਜੈਨ, ਏਡੀਸੀਪੀ ਹੈੱਡ ਕੁਆਰਟਰ ਅਸ਼ਵਨੀ ਗੋਤੀਆਲ ਵੀ ਮੌਜੂਦ ਸਨ। ਦੋ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਦੋਵਾਂ ਟੀਮਾਂ ਨੂੰ ਦੁੱਗਰੀ ਤੋਂ ਵੱਖੋ-ਵੱਖ ਰੂਟ ਦੇ ਕੇ ਦਰੇਸੀ ਗਰਾਊਂਡ ਪੁੱਜਣ ਲਈ ਕਿਹਾ ਗਿਆ। ਜੇਸੀਪੀ ਦੀਪਕ ਪਾਰੀਕ ਤੇ ਜੇਸੀਪੀ ਡਾ. ਸਚਿਨ ਗੁਪਤਾ ਨੇ ਦੱਸਿਆ ਕਿ ਮੌਕ ਡਰਿੱਲ ਦਾ ਮਕਸਦ ਸੀ ਕਿ ਲੋਕਾਂ ’ਚ ਪੁਲੀਸ ਦਾ ਭਰੋਸਾ ਬਣਿਆ ਰਹੇ ਤੇ ਨਾਲ ਹੀ ਮੁਲਜ਼ਮਾਂ ’ਤੇ ਕਿਸੇ ਸਮੇਂ ਵੀ ਸ਼ਿਕੰਜਾ ਕੱਸਿਆ ਜਾ ਸਕਦਾ ਹੈ। ਜੇ ਕੋਈ ਐਮਰਜੈਂਸੀ ਆ ਜਾਂਦੀ ਹੈ ਤਾਂ ਪੁਲੀਸ ਇੰਨੀ ਦੂਰੀ ਦਾ ਸਮਾਂ ਜ਼ਿਆਦਾ ਤੋਂ ਜ਼ਿਆਦਾ 15 ਮਿੰਟ ’ਚ ਪੂਰਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਦਾ ਇੱਕ ਹੀ ਮਕਸਦ ਹੈ ਕਿ ਸ਼ਹਿਰ ਨੂੰ ਜੁਰਮ ਮੁਕਤ ਬਣਾਉਣਾ ਹੈ।
ਪੁਲੀਸ ਅਧਿਕਾਰੀਆਂ ਨੇ ਰਾਤ ਕਰੀਬ ਡੇਢ ਵਜੇ ਮੁਲਾਜ਼ਮਾਂ ਨੂੰ ਆਪਣੇ ਸਥਾਨ ’ਤੇ ਜਾਣ ਦੀਆਂ ਹਦਾਇਤਾਂ ਕੀਤੀਆਂ।
ਲੋਕਾਂ ’ਚ ਛਿੜੀਆਂ ਕਈਂ ਤਰ੍ਹਾਂ ਦੀਆਂ ਚਰਚਾਵਾਂ
ਦੁੱਗਰੀ ਫੇਸ-1 ਮਾਰਕੀਟ ’ਚ ਮੌਕ ਡਰਿੱਲ ਦੀ ਸ਼ੁਰੂਆਤ ਹੋਣੀ ਸੀ। ਇਸ ਕਰ ਕੇ ਸਾਰੀ ਪੁਲੀਸ ਫੋਰਸ ਉੱਥੇ ਪੁੱਜੀ ਸੀ। ਉੱਥੇ ਪੁਲੀਸ ਫੋਰਸ ਨੂੰ ਦੇਖ ਕੇ ਆਮ ਲੋਕਾਂ ਤੇ ਇਲਾਕੇ ’ਚ ਦਹਿਸ਼ਤ ਫੈਲ ਗਈ ਕਿ ਕਿਤੇ ਕੋਈ ਵੱਡੀ ਵਾਰਦਾਤ ਹੋਈ ਹੈ। ਇਸ ਤੋਂ ਇਲਾਵਾ ਪੁਲੀਸ ਜਿਨ੍ਹਾਂ ਇਲਾਕਿਆਂ ’ਚੋਂ ਲੰਘੀ, ਲੋਕ ਸਹਿਮ ਗਏ। ਉਸ ਤੋਂ ਬਾਅਦ ਮੌਕ ਡਰਿੱਲ ਦਰੇਸੀ ਪੁੱਜੀ। ਪੱਖੋਵਾਲ ਰੋਡ, ਬੱਸ ਸਟੈਂਡ ਤੋਂ ਹੁੰਦੇ ਹੋਏ ਭਾਰਤ ਨਗਰ ਚੌਂਕ ਅਤੇ ਜਗਰਾਉਂ ਪੁਲ ਤੋਂ ਹੁੰਦੇ ਹੋਏ ਮੌਕ ਡਰਿੱਲ ਰੇਲਵੇ ਸਟੇਸ਼ਨ ਵੱਲ ਪੁੱਜੀ। ਉੱਥੇ ਕਿਲਾ ਮੁਹੱਲਾ ’ਚੋਂ ਹੁੰਦੀ ਹੋਈ ਦਰੇਸੀ ਗਰਾਊਂਡ ਪੁੱਜੀ ਤੇ ਮੌਕ ਡਰਿੱਲ ਨੇ ਇੱਕ ਸਟਾਪ ਪਾਰ ਕੀਤਾ। ਉਸ ਤੋਂ ਬਾਅਦ ਫਿਰ ਤੋਂ ਟੀਮਾਂ ਨੂੰ ਵੱਖ-ਵੱਖ ਰਸਤਿਓਂ ਰੇਲਵੇ ਸਟੇਸ਼ਨ ਪੁੱਜਣ ਲਈ ਕਿਹਾ ਗਿਆ। ਜਿੱਥੇ ਜੀਆਰਪੀ ਤੇ ਆਰਪੀਐਫ਼ ਦੇ ਕਰਮੀਆਂ ਨੂੰ ਨਾਲ ਲੈ ਕੇ ਰੇਲਵੇ ਸਟੇਸ਼ਨ ’ਤੇ ਚੈਕਿੰਗ ਕੀਤੀ।
400 ਤੋਂ ਜ਼ਿਆਦਾ ਪੁਲੀਸ ਮੁਲਾਜ਼ਮਾਂ ਨੇ ਲਿਆ ਹਿੱਸਾ
ਕਮਿਸ਼ਰੇਟ ਪੁਲੀਸ ਵੱਲੋਂ ਕੀਤੀ ਮੌਕ ਡਰਿੱਲ ’ਚ 400 ਤੋਂ ਜ਼ਿਆਦਾ ਪੁਲੀਸ ਮੁਲਾਜ਼ਮਾਂ ਨੇ ਹਿੱਸਾ ਲਿਆ। ਇਸੇ ਦੌਰਾਨ 2 ਜੇਸੀਪੀ, 2 ਏਡੀਸੀਪੀ, 4 ਏਸੀਪੀ, 24 ਥਾਣਿਆਂ ਦੇ ਐਸਐਚਓ, 14 ਯੂਨਿਟ ਇੰਚਾਰਜ ਤੇ ਪੁਲੀਸ ਚੌਕੀਆਂ ਦੇ ਇੰਚਾਰਜ ਸ਼ਮਾਲ ਹੋਏ ਸਨ। ਮੌਕ ਡਰਿੱਲ ’ਚ ਪੀਸੀਆਰ ਮੋਟਰਸਾਈਕਲ ਦੇ ਨਾਲ ਨਾਲ 60ਦੇ ਕਰੀਬ ਕਾਰਾਂ ਦੀ ਵਰਤੋਂ ਕੀਤੀ ਗਈ।