ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 3 ਅਗਸਤ
ਇੱਥੇ ਅੱਜ ਕੁੱਲ ਹਿੰਦ ਕਿਸਾਨ ਸਭਾ ਦੀ ਸੂਬਾ ਕਮੇਟੀ ਦੀ ਮੀਟਿੰਗ ਬਲਕਰਨ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ। ਕਿਸਾਨ ਆਗੂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਸੱਦਿਆਂ ਨੂੰ ਲਾਗੂ ਕਰਨ ਅਤੇ ਲਖੀਮਪੁਰ ਖੀਰੀ ਵਿੱਚ 17 ਅਗਸਤ ਤੋਂ 75 ਘੰਟੇ ਦੇ ਧਰਨੇ ਅੰਦਰ ਪੰਜਾਬ ਅੰਦਰੋਂ ਵੱਡੀ ਗਿਣਤੀ ਵਿਚ ਹਿੱਸਾ ਲੈਣ ਲਈ ਵੱਖ ਵੱਖ ਜ਼ਿਲ੍ਹਿਆਂ ਦੇ ਸਾਥੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ। ਇਸ ਦੇ ਨਾਲ ਹੀ ਪਿਛਲੇ ਦਿਨੀਂ ਸਫ਼ਲ ਰੇਲ ਰੋਕੋ ਪ੍ਰੋਗਰਾਮ ਨੂੰ ਪੰਜਾਬ ਭਰ ਵਿੱਚੋਂ ਮਿਲੇ ਹੁੰਗਾਰੇ ਨੇ ਕਿਸਾਨ ਅੰਦੋਲਨ ਅੰਦਰ ਨਵੀਂ ਰੂਹ ਫੂਕੀ ਹੈ। ਇਸੇ ਤਰ੍ਹਾਂ 7 ਤੋਂ 14 ਅਗਸਤ ਤੱਕ ਅਗਨੀਵੀਰ ਦੀ ਯੋਜਨਾ ਖ਼ਿਲਾਫ਼ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਨਾਲ ਮਿਲ ਕੇ ਜ਼ਿਲ੍ਹਿਆਂ ਅੰਦਰ ਕਨਵੈਨਸ਼ਨਾਂ ਕਰਨ ਦੇ ਫੈਸਲੇ ਨੂੰ ਲਾਗੂ ਕਰਨ ਦੀ ਅਪੀਲ ਕੀਤੀ। ਜਥੇਬੰਦੀ ਦੀ ਮਜ਼ਬੂਤੀ ਲਈ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਕੇ ਇਸ ਦੀਆਂ ਚੋਣਾਂ ਸਬੰਧੀ ਰਣਨੀਤੀ ਤੈਅ ਕੀਤੀ ਗਈ। ਇਸ ਮੌਕੇ ਸੂਰਤ ਸਿੰਘ ਧਰਮਕੋਟ, ਲੱਖਬੀਰ ਸਿੰਘ, ਕੁਲਦੀਪ ਸਿੰਘ ਭੋਲਾ, ਸੁੱਖਜਿੰਦਰ ਸਿੰਘ ਮਹੇਸ਼ਵਰੀ, ਹਰਦਿਆਲ ਸਿੰਘ ਘਾਲੀ, ਕੁਲਵੰਤ ਸਿੰਘ ਮੌਲਵੀਵਾਲ, ਚਮਕੌਰ ਸਿੰਘ ਬਰਮੀ, ਡਾ. ਗੁਲਜ਼ਾਰ ਸਿੰਘ ਪੰਧੇਰ ਤੇ ਜਸਵੀਰ ਸਿੰਘ ਝੱਜ ਹਾਜ਼ਰ ਸਨ।