ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 25 ਸਤੰਬਰ
ਇਥੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਤਿੰਨ ਅਕਤੂਬਰ ਨੂੰ ਲਖੀਮਪੁਰ ਖੀਰੀ ਦੇ ਦਰਦਨਾਕ ਕਾਂਡ ਦੇ ਸ਼ਹੀਦਾਂ ਦੀ ਯਾਦ ’ਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਲਾਗੂ ਕਰਨ ਲਈ ਲਾਮਬੰਦੀ ਸ਼ੁਰੂ ਕਰ ਦਿੱਤੀ ਗਈ ਹੈ। ਲੁਧਿਆਣਾ ਜ਼ਿਲ੍ਹੇ ’ਚ ਇਸਦੀ ਸ਼ੁਰੂਆਤ ਵੱਡੇ ਪਿੰਡ ਕਾਉਂਕੇ ਕਲਾਂ ਪਿੰਡ ਤੋਂ ਕੀਤੀ ਗਈ। ਕਿਸਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਕਾਮਰੇਡ ਹਰਦੇਵ ਸਿੰਘ ਸੰਧੂ ਨੇ ਇਸ ਸੱਦੇ ਨੂੰ ਸਫ਼ਲ ਬਣਾਉਣ ਲਈ ਚਰਚਾ ਕੀਤੀ। ਮੀਟਿੰਗ ’ਚ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਕਾਉਂਕੇ, ਬਲਾਕ ਪ੍ਰਧਾਨ ਹਰਦੇਵ ਸਿੰਘ ਸਮਰਾ ਤੋਂ ਇਲਾਵਾ ਸ਼ਮਸ਼ੇਰ ਸਿੰਘ ਅਖਾੜਾ, ਸੁਖਦੇਵ ਸਿੰਘ ਆਦਿ ਸ਼ਾਮਲ ਹੋਏ। ਕਾਮਰੇਡ ਸੰਧੂ ਨੇ ਕਿਹਾ ਕਿ 3 ਅਕਤੂਬਰ ਦੇਸ਼ ਭਰ ’ਚ ਸ਼ਹੀਦੀ ਦਿਹਾੜੇ ਦੇ ਤੌਰ ’ਤੇ ਮਨਾਇਆ ਜਾ ਰਿਹਾ ਹੈ। ਇਸ ਦਿਨ ਜਿੱਥੇ ਕੇਂਦਰੀ ਗ੍ਰਹਿ ਰਾਜ ਮੰਤਰੀ ਵੀ ਬਰਖ਼ਾਸਤਗੀ ਦੀ ਮੰਗ ਕੀਤੀ ਜਾਵੇਗੀ, ਉਥੇ ਕਿਸਾਨੀ ਜਿਨਸਾਂ ਦੀ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਖ਼ਰੀਦ ਦੀ ਗਾਰੰਟੀ ਕਰਦਾ ਕਾਨੂੰਨ ਬਣਾਉਣ ਦੀ ਮੰਗ ਕੀਤੀ ਜਾਵੇਗੀ, ਉਥੇ ਕਿਸਾਨਾਂ-ਮਜ਼ਦੂਰਾਂ ਨੂੰ ਕਰਜ਼ੇ ਤੋਂ ਮੁਕਤ ਕਰਨ ਦੀ ਮੰਗ, ਕਿਸਾਨ ਮਜ਼ਦੂਰ ਲਈ ਲੋਕ ਪੱਖੀ ਖੇਤੀ ਨੀਤੀ ਬਨਾਉਣ ’ਤੇ ਜ਼ੋਰ ਦਿੱਤਾ ਜਾਵੇਗਾ।