ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 23 ਜੁਲਾਈ
ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨੀ ਮੰਗਾਂ ਸਮੇਤ ਹੋਰ ਅਹਿਮ ਮੁੱਦਿਆਂ ਨੂੰ ਲੈ ਕੇ 31 ਜੁਲਾਈ ਦੇ ਉਲੀਕੇ ਚੱਕਾ ਜਾਮ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਨੇ ਇਲਾਕੇ ਦੇ ਪਿੰਡਾਂ ’ਚ ਤਿਆਰੀ ਮੁਹਿੰਮ ਆਰੰਭ ਦਿੱਤੀ ਹੈ ਜਿਸ ਤਹਿਤ ਪਹਿਲੀ ਮੀਟਿੰਗ ਤਲਵੰਡੀ ਕਲਾਂ ਵਿਖੇ ਹੋਈ। ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਖਜ਼ਾਨਚੀ ਮਨਮੋਹਣ ਸਿੰਘ ਪੰਡੋਰੀ, ਜਸਦੇਵ ਸਿੰਘ ਲਲਤੋਂ ਨੇ ਇਸ ਸਮੇਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ’ਤੇ 31 ਜੁਲਾਈ ਨੂੰ ਭਾਰਤ ਬੰਦ ਮੌਕੇ ਇਲਾਕੇ ਭਰ ’ਚ ਵੱਡੇ ਇਕੱਠ ਕਰਕੇ ਚੱਕਾ ਜਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੰਦ ਦੌਰਾਨ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਸਬੰਧੀ ਢੁੱਕਵਾਂ ਕਾਨੂੰਨ ਬਣਵਾਉਣ, ਲਖੀਮਪੁਰ ਖੀਰੀ ਕਤਲ ਕਾਂਡ ਦੇ ਮੁੱਖ ਸਾਜ਼ਿਸ਼ਕਾਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੀ ਗ੍ਰਿਫ਼ਤਾਰੀ, ਮਜ਼ਦੂਰ ਜਮਾਤ ਸਮੇਤ ਦੇਸ਼ ਭਰ ਦੀ ਕਿਸਾਨੀ ਕਰਜ਼ਿਆਂ ’ਤੇ ਲਕੀਰ ਮਰਵਾਉਣ, ਫਰਜ਼ੀ ਕੇਸ ਰੱਦ ਕਰਵਾਉਣ, ਸ਼ਹੀਦ ਕਿਸਾਨ-ਮਜ਼ਦੂਰ ਦੇ ਪੀੜਤ ਪਰਿਵਾਰਾਂ ਮੁਆਵਜ਼ਾ ਆਦਿ ਮੰਗਾਂ ਦੀ ਪੂਰਤੀ ਦੀ ਮੰਗ ਕੀਤੀ ਜਾਵੇਗੀ।