ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 25 ਜੁਲਾਈ
ਸੰਯੁਕਤ ਕਿਸਾਨ ਮੋਰਚੇ ਵੱਲੋਂ 31 ਜੁਲਾਈ ਦੇ ਚੱਕਾ ਜਾਮ ਦੇ ਦਿੱਤੇ ਸੱਦੇ ਨੂੰ ਇਲਾਕੇ ’ਚ ਸਫ਼ਲ ਬਣਾਉਣ ਲਈ ਅੱਜ ਪਿੰਡ ਸਵੱਦੀ ਤੇ ਤਲਵੰਡੀ ਖੁਰਦ ਸਮੇਤ ਅੱਧੀ ਦਰਜਨ ਪਿੰਡਾਂ ’ਚ ਕਿਸਾਨਾਂ ਨੂੰ ਲਾਮਬੰਦ ਕੀਤਾ ਗਿਆ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਦੱਸਿਆ ਕਿ ਗੱਡੀਆਂ ਤੇ ਮੋਟਰਸਾਈਕਲ ਵਾਲੇ ਜੁਝਾਰੂ ਕਿਸਾਨ ਮਜ਼ਦੂਰ ਕਾਫ਼ਲੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਇਲਾਕੇ ਦੇ ਪਿੰਡਾਂ ਮਾਜਰੀ, ਮੰਡਿਆਣੀ, ਤਲਵੰਡੀ ਖੁਰਦ, ਖੰਜਰਵਾਲ, ਸਵੱਦੀ ਪੱਛਮੀ ਤੇ ਸਵੱਦੀ ਕਲਾਂ ਵਿੱਚ ਪੁੱਜੇ।
ਇਸ ਸਮੇਂ ਨੁੱਕੜ ਮੀਟਿੰਗਾਂ ਨੂੰ ਜਥੇਬੰਦੀ ਦੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਮਾਸਟਰ ਜਸਦੇਵ ਸਿੰਘ ਲਲਤੋਂ, ਖਜ਼ਾਨਚੀ ਨੰਬਰਦਾਰ ਮਨਮੋਹਣ ਸਿੰਘ ਪੰਡੋਰੀ, ਅਵਤਾਰ ਸਿੰਘ ਬਿੱਲੂ, ਡਾ. ਗੁਰਮੇਲ ਸਿੰਘ ਕੁਲਾਰ ਤੇ ਰਣਜੀਤ ਸਿੰਘ ਗੁੜੇ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਾਰੀਆਂ ਫ਼ਸਲਾਂ ਦੀ ਐੱਮਐੱਸਪੀ ’ਤੇ ਖਰੀਦ ਦੀ ਗਾਰੰਟੀ, ਲਖੀਮਪੁਰ ਖੀਰੀ ਕਤਲ ਕਾਂਡ ਦੇ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੇ ਸਜ਼ਾਵਾਂ, ਹਜ਼ਾਰਾਂ ਕਿਸਾਨਾਂ ਸਿਰ ਮੜ੍ਹੇ ਕੇਸਾਂ ਦੀ ਵਾਪਸੀ, ਡੀਜ਼ਲ-ਪੈਟਰੋਲ-ਗੈਸ ਸਮੇਤ ਸਮੁੱਚੀ ਮਹਿੰਗਾਈ ਦੇ ਮੁੱਦੇ, ਕਿਸਾਨਾਂ-ਮਜ਼ਦੂਰਾਂ ਦੀ ਕਰਜ਼ਾ ਮੁਕਤੀ, ਪੰਜਾਬ ਨਾਲ ਸਬੰਧਤ ਭਾਖੜਾ ਡੈਮ ਦੀ ਮੈਂਬਰੀ, ਪੰਜਾਬ ਯੂਨੀਵਰਸਿਟੀ ਦੀ ਮਾਲਕੀ, ਬਾਰਡਰ ਤੋਂ 50 ਕਿਲੋਮੀਟਰ ਤੱਕ ਬੀਐੱਸਐੱਫ ਦੀ ਅਧੀਨਗੀ, ਰਾਜਧਾਨੀ ਚੰਡੀਗੜ੍ਹ ਦੀ ਹਵਾਲਗੀ ਆਦਿ ਮਸਲਿਆਂ ਤੇ ਮੰਗਾਂ ਦਾ ਹੱਲ ਇਕਮੁੱਠ ਹੋ ਕੇ ਸੰਘਰਸ਼ ਹੈ। ਉਨ੍ਹਾਂ ਲੋਕਾਂ ਨੂੰ 31 ਦੇ ਐਕਸ਼ਨ ’ਚ ਟਰੈਕਟਰ ਟਰਾਲੀਆਂ ਲੈ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਸਮੇਂ ਨੰਬਰਦਾਰ ਬਲਜੀਤ ਸਿੰਘ ਸਵੱਦੀ, ਜਗਮੋਹਣ ਸਿੰਘ ਸਵੱਦੀ, ਅਮਰੀਕ ਸਿੰਘ ਤਲਵੰਡੀ, ਅਵਤਾਰ ਸਿੰਘ ਤਲਵੰਡੀ, ਗੁਰਚਰਨ ਸਿੰਘ ਤਲਵੰਡੀ, ਪ੍ਰਿਤਪਾਲ ਸਿੰਘ ਪੰਡੋਰੀ, ਦਰਸ਼ਨ ਸਿੰਘ ਪੰਡੋਰੀ, ਨਿਹੰਗ ਬਲਦੇਵ ਸਿੰਘ, ਅਮਰ ਸਿੰਘ ਖੰਜਰਵਾਲ, ਤੇਜਿੰਦਰ ਸਿੰਘ ਬਿਰਕ, ਗੁਰਸੇਵਕ ਸਿੰਘ ਸੋਨੀ, ਅਮਨਦੀਪ ਸਿੰਘ ਨੀਟੂ, ਜਸਵੰਤ ਸਿੰਘ ਮਾਨ, ਗੁਰਮੇਲ ਸਿੰਘ ਢੱਟ ਮੌਜੂਦ ਸਨ।
ਚੱਕਾ ਜਾਮ ਦੀ ਤਿਆਰੀ ਲਈ ਮੀਟਿੰਗਾਂ
ਮੰਡੀ ਅਹਿਮਦਗੜ੍ਹ: ਐੱਮਐੱਸਪੀ ਗਾਰੰਟੀ ਕਾਨੂੰਨ ਤੇ ਹੋਰ ਕਿਸਾਨੀ ਮੰਗਾਂ ਨੂੰ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਰੇਲ ਰੋਕੋ ਅਤੇ ਚੱਕਾ ਜਾਮ ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਸ ਸਬੰਧ ਵਿੱਚ ਇਲਾਕੇ ਵਿੱਚ ਸਰਗਰਮ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਲਾਮਬੰਦ ਕਰਨ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਪਿੰਡ ਲਤਾਲਾ, ਛਪਾਰ, ਜੜਤੌਲੀ, ਰੋਹੀੜਾ, ਜੰਡਾਲੀ ਅਤੇ ਦਲੀਜ ਵਿੱਚ ਕੀਤੀਆਂ ਮੀਟਿੰਗਾਂ ਦੇ ਵੇਰਵੇ ਨਾਲ ਕੁੱਲ ਹਿੰਦ ਕਿਸਾਨ ਸਭਾ ਦੇ ਆਗੂਆਂ ਬਲਦੇਵ ਸਿੰਘ ਲਤਾਲਾ, ਜਗਰਾਜ ਸਿੰਘ ਮਹੇਰਨਾ ਅਤੇ ਰਿਆਜ ਖਾਂ ਰਸੂਲਪੁਰ ਨੇ ਦੱਸਿਆ ਕਿ ਐੱਮਐੱਸਪੀ ਗਾਰੰਟੀ ਕਾਨੂੰਨ ਤੋਂ ਇਲਾਵਾ ਲਖੀਮਪੁਰ ਖੀਰੀ ਤੇ ਹੋਰ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ 31 ਜੁਲਾਈ ਨੂੰ ਸਵੇਰੇ 11 ਵਜੇ ਤੋਂ ਲੈ ਕੇ ਚਾਰ ਘੰਟਿਆਂ ਲਈ ਚੱਕਾ ਜਾਮ ਕੀਤਾ ਜਾਵੇਗਾ ਅਤੇ ਰੇਲ ਗੱਡੀਆਂ ਰੋਕੀਆਂ ਜਾਣਗੀਆਂ। ਆਗੂਆਂ ਨੇ ਦੱਸਿਆ ਕਿ ਸੰਯੁਕਤ ਮੋਰਚੇ ਦੀਆਂ ਸਾਰੀਆਂ ਜਥੇਬੰਦੀਆਂ ਇਸ ਐਕਸ਼ਨ ਵਿੱਚ ਹਿੱਸਾ ਲੈਣਗੀਆਂ। -ਪੱਤਰ ਪ੍ਰੇਰਕ