ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 25 ਦਸੰਬਰ
ਇਕ ਮਾਮਲੇ ’ਚ ਨਾਮਜ਼ਦ ਡੀਐੱਸਪੀ ਅਤੇ ਹੋਰਨਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ 3 ਜਨਵਰੀ ਨੂੰ ਜਗਰਾਉਂ ਵਿੱਚ ਦਿੱਤੇ ਜਾ ਰਹੇ ਧਰਨੇ ਦੀ ਤਿਆਰੀ ਸਬੰਧੀ ਅੱਜ ਪਿੰਡ ਮਾਣੂੰਕੇ, ਅਖਾੜਾ, ਭੰਮੀਪੁਰਾ, ਮੱਲ੍ਹਾ, ਰਸੂਲਪੁਰ ਤੇ ਜਗਰਾਉਂ ਵਿਖੇ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ। ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਇਨ੍ਹਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਧਰਨੇ ’ਚ ਸ਼ਮੂਲੀਅਤ ਲਈ ਲਾਮਬੰਦ ਕੀਤਾ। ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਤਰਲੋਚਨ ਸਿੰਘ ਝੋਰੜਾਂ, ਸੁਖਦੇਵ ਸਿੰਘ ਮਾਣੂੰਕੇ ਤੇ ਹੋਰਨਾਂ ਨੇ ਇਸ ਮੌਕੇ ਕਿਹਾ ਕਿ ਪੁਲੀਸ ਤਸ਼ੱਦਦ ਦਾ ਸ਼ਿਕਾਰ ਹੋਇਆ ਪਰਿਵਾਰ ਸਾਲਾਂ ਤੋਂ ਇਨਸਾਫ਼ ਦੀ ਉਡੀਕ ਕਰ ਰਿਹਾ ਹੈ। ਇਸੇ ਪਰਿਵਾਰ ਦੀ ਇਕ ਧੀ ਇਨਸਾਫ਼ ਦੀ ਉਡੀਕ ਕਰਦਿਆਂ ਅਕਾਲ ਚਲਾਣਾ ਕਰ ਗਈ। ਉਨ੍ਹਾਂ ਕਿਹਾ ਕਿ ਲੰਬੇ ਸੰਘਰਸ਼ ਦੇ ਬਾਵਜੂਦ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਨਹੀਂ ਸੀ ਕੀਤਾ ਪਰ ਕੁਲਵੰਤ ਕੌਰ ਦੀ ਮੌਤ ਮਗਰੋਂ ਤੱਤਕਾਲੀਨ ਥਾਣਾ ਮੁਖੀ ਅਤੇ ਇਸ ਸਮੇਂ ਡੀਐੱਸਪੀ ਸਮੇਤ ਚਾਰ ਜਣਿਆਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ। ਇਸ ਦੇ ਬਾਵਜੂਦ ਇਨ੍ਹਾਂ ਮੁਲਜ਼ਮਾਂ ਨੂੰ ਪੁਲੀਸ ਗ੍ਰਿਫ਼ਤਾਰ ਨਹੀਂ ਕਰ ਰਹੀ। ਇਨ੍ਹਾਂ ਮੀਟਿੰਗਾਂ ’ਚ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਨ੍ਹਾਂ ਆਗੂਆਂ ਨੇ ਦੱਸਿਆ ਕਿ ਇਹ ਧਰਨਾ ਤਿੰਨ ਜਨਵਰੀ ਨੂੰ ਜਗਰਾਉਂ ਪੁਲੀਸ ਲਾਈਨ ਅੱਗੇ ਦਿੱਤਾ ਜਾਵੇਗਾ। ਇਸ ਮੌਕੇ ਨਿਰਮਲ ਸਿੰਘ ਧਾਲੀਵਾਲ, ਮਨੋਹਰ ਸਿੰਘ ਝੋਰੜਾਂ, ਗੁਰਚਰਨ ਸਿੰਘ ਰਸੂਲਪੁਰ, ਮਨਪ੍ਰੀਤ ਕੌਰ ਧਾਲੀਵਾਲ ਮੌਜੂਦ ਸਨ।