ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 12 ਸਤੰਬਰ
ਇਥੇ ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਕੀਤੀ ਚੈਕਿੰਗ ਦੌਰਾਨ ਬੈਰਕਾਂ ਵਿੱਚੋਂ 10 ਲਾਵਾਰਿਸ ਮੋਬਾਈਲ ਫੋਨ ਅਤੇ ਜਰਦੇ ਦੀਆਂ ਪੁੜੀਆਂ ਬਰਾਮਦ ਹੋਈਆਂ ਹਨ। ਜੇਲ੍ਹ ਦੇ ਸਹਾਇਕ ਸੁਪਰਡੈਂਟ ਸਤਨਾਮ ਸਿੰਘ ਨੇ ਦੱਸਿਆ ਹੈ ਕਿ ਅਧਿਕਾਰੀਆਂ ਵੱਲੋਂ ਜੇਲ੍ਹ ਦੇ ਡੀ-ਐਡਿਕਸ਼ਨ ਵਾਰਡ ਦੀ ਚੈਕਿੰਗ ਕੀਤੀ ਗਈ ਤਾਂ ਬੈਰਕ ਨੰਬਰ ਦੋ ਦੇ ਪਿਛਲੇ ਪਾਸਿਓਂ 6 ਮੋਬਾਈਲ ਫੋਨ ਅਤੇ ਗੰਗਾ ਵਾਰਡ ਦੀ ਤਲਾਸ਼ੀ ਦੌਰਾਨ ਲਾਵਾਰਿਸ ਹਾਲਤ ਵਿੱਚ ਇਕ ਪੈਕੇਟ ਜਰਦੇ ਦਾ ਮਿਲਿਆ ਹੈ। ਇਸੇ ਤਰ੍ਹਾਂ ਗੰਗਾ ਵਾਰਡ ਦੀ ਬੈਰਕ ਨੰਬਰ ਤਿੰਨ ਵਿੱਚੋਂ ਚਾਰ ਮੋਬਾਈਲ ਫੋਨ ਬਰਾਮਦ ਹੋਏ ਹਨ। ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲੀਸ ਵੱਲੋਂ ਜੇਲ੍ਹ ਨਿਯਮ ਭੰਗ ਕਰਨ ਦੇ ਦੋਸ਼ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।