ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 30 ਜੂਨ
ਇੱਥੇ ਵੱਖ-ਵੱਖ ਇਲਾਕਿਆਂ ਵਿੱਚ ਅਣਪਛਾਤੇ ਵਿਅਕਤੀ ਦੋ ਜਣਿਆਂ ਤੋਂ ਮੋਬਾਈਲ ਖੋਹਕੇ ਫ਼ਰਾਰ ਹੋ ਗਏ। ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲੀਸ ਨੂੰ ਬਚਿੱਤਰ ਐਨਕਲੇਵ ਭਾਮੀਆਂ ਰੋਡ ਵਾਸੀ ਚੰਦਰ ਪ੍ਰਕਾਸ਼ ਨੇ ਦੱਸਿਆ ਕਿ ਉਹ ਆਪਣੀ ਨੂੰਹ ਨਾਲ ਐਕਟਿਵਾ ’ਤੇ ਗਿੱਲ ਚੌਕ ਤੋਂ ਪੇਂਟ ਖ਼ਰੀਦਣ ਲਈ ਜਾ ਰਿਹਾ ਸੀ ਕਿ ਚੀਮਾ ਚੌਕ ਪੁਲ ਨੇੜੇ ਦੋ ਮੋਟਰਸਾਈਕਲ ਸਵਾਰਾਂ ਨੇ ਤੇਜ਼ਧਾਰ ਹਥਿਆਰ ਦਿਖਾ ਕੇ ਉਨ੍ਹਾਂ ਦਾ ਮੋਬਾਈਲ ਖੋਹ ਲਿਆ ਅਤੇ ਫ਼ਰਾਰ ਹੋ ਗਏ।
ਇਸੇ ਤਰ੍ਹਾਂ ਥਾਣਾ ਟਿੱਬਾ ਦੀ ਪੁਲੀਸ ਨੂੰ ਪੁਨੀਤ ਨਗਰ ਵਾਸੀ ਅਨਿਲ ਕੁਮਾਰ ਨੇ ਦੱਸਿਆ ਕਿ ਉਹ ਪੁਨੀਤ ਨਗਰ ਨੇੜੇ ਫੈਕਟਰੀ ਤੋਂ ਖਾਣਾ ਖਾਣ ਲਈ ਜਾ ਰਿਹਾ ਸੀ ਕਿ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਸ ਨੂੰ ਚਾਕੂ ਦਿਖਾ ਕੇ ਮੋਬਾਈਲ ਖੋਹ ਲਿਆ ਅਤੇ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ। ਪੁਲੀਸ ਵੱਲੋਂ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।