ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 26 ਮਈ
ਵੱਖ-ਵੱਖ ਇਲਾਕਿਆਂ ਵਿੱਚ ਤਿੰਨ ਰਾਹਗੀਰਾਂ ਨੂੰ ਹਥਿਆਰ ਦਿਖਾ ਕੇ ਮੋਬਾਈਲ ਫੋਨ ਲੁੱਟ ਲਏ ਗਏ। ਸਾਹਨੇਵਾਲ ਦੀ ਪੁਲੀਸ ਨੂੰ ਜਸਪਾਲ ਬਾਂਗਰ ਵਾਸੀ ਰਵੀ ਕੁਮਾਰ ਨੇ ਦੱਸਿਆ ਕਿ ਉਹ ਮਾਨ ਧਰਮਕੰਡਾ ਕੋਲ ਮੋਟਰਸਾਈਕਲ ’ਤੇ ਘਰ ਜਾ ਰਿਹਾ ਸੀ ਤਾਂ ਘਰ ਦੇ ਨੇੜੇ ਮੋੜ ਕੋਲ ਦੋ ਜਣਿਆਂ ਨੇ ਕੁੱਟਮਾਰ ਕਰ ਕੇ ਉਸ ਦਾ ਮੋਬਾਈਲ ਫੋਨ ਖੋਹ ਲਿਆ। ਥਾਣੇਦਾਰ ਭੁਪਿੰਦਰ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਵੱਲੋਂ ਕੀਤੀ ਤਫਤੀਸ਼ ਦੌਰਾਨ ਪਤਾ ਲੱਗਿਆ ਕਿ ਇਹ ਮੋਬਾਈਲ ਫ਼ੋਨ ਗੁਰਵਿੰਦਰ ਸਿੰਘ ਅਤੇ ਅਜੇ ਕੁਮਾਰ ਵੱਲੋਂ ਖੋਹਿਆ ਗਿਆ ਹੈ। ਪੁਲੀਸ ਵੱਲੋਂ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਇਕ ਹੋਰ ਮਾਮਲੇ ਵਿੱਚ ਮਾਡਲ ਟਾਊਨ ਦੀ ਪੁਲੀਸ ਨੂੰ ਆਜ਼ਾਦ ਨਗਰ ਵਾਸੀ ਪਵਨ ਕੁਮਾਰ ਨੇ ਦੱਸਿਆ ਕਿ ਧੂਰੀ ਲਾਈਨ ਵਿੱਚ ਓਮ ਬੇਕਰੀ ਵੱਲੋਂ ਲੰਗਰ ਲਗਾਇਆ ਗਿਆ ਸੀ। ਉਹ ਲੰਗਰ ਲੈਣ ਲਈ ਖੜ੍ਹਾ ਸੀ ਤਾਂ ਭੀੜ ਵਿੱਚੋਂ ਦੋ ਜਣਿਆਂ ਨੇ ਉਸ ਦੇ ਹੱਥ ਵਿੱਚ ਫੜਿਆ ਮੋਬਾਈਲ ਫੋਨ ਖੋਹ ਲਿਆ। ਥਾਣੇਦਾਰ ਸੁਖਵੰਤ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਵੱਲੋਂ ਕੀਤੀ ਤਫਤੀਸ਼ ਦੌਰਾਨ ਮੁਹੱਲਾ ਸੰਤਪੁਰਾ ਧੂਰੀ ਲਾਈਨ ਵਾਸੀ ਰਾਜ ਕਪੂਰ ਅਤੇ ਸ਼ਿਵ ਕੁਮਾਰ ਨੂੰ ਕਾਬੂ ਕਰ ਕੇ ਮੋਬਾਈਲ ਫੋਨ ਬਰਾਮਦ ਕਰ ਲਿਆ ਗਿਆ ਹੈ।