ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 18 ਸਤੰਬਰ
ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਕੀਤੀ ਅਚਨਚੇਤ ਚੈਕਿੰਗ ਦੌਰਾਨ ਮੋਬਾਈਲ ਫੋਨ, ਜ਼ਰਦੇ ਦੀਆਂ ਪੁੜੀਆਂ ਅਤੇ ਬੀੜੀਆਂ ਦੇ ਬੰਡਲ ਮਿਲੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਸੁਪਰਡੈਂਟ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਅਧਿਕਾਰੀਆਂ ਵੱਲੋਂ ਜੇਲ੍ਹ ਦੀਆਂ ਬੈਰਕਾਂ ਦੀ ਕੀਤੀ ਅਚਨਚੇਤ ਚੈਕਿੰਗ ਦੌਰਾਨ 10 ਲਾਵਾਰਸ ਮੋਬਾਈਲ ਫੋਨ, 160 ਜ਼ਰਦੇ ਦੀਆਂ ਪੁੜੀਆਂ ਅਤੇ 10 ਬੰਡਲ ਬੀੜੀਆਂ ਦੇ ਬਰਾਮਦ ਹੋਏ ਹਨ। ਇਸੇ ਤਰ੍ਹਾਂ ਸਰੂਪ ਚੰਦ ਸਹਾਇਕ ਸੁਪਰਡੈਂਟ ਦੀ ਅਗਵਾਈ ਹੇਠ ਬੈਰਕ ਨੰਬਰ ਸੱਤ ਦੀ ਕੀਤੀ ਚੈਕਿੰਗ ਦੌਰਾਨ ਹਵਾਲਾਤੀ ਤਜਿੰਦਰ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਲੁਧਿਆਣਾ ਤੋਂ ਇੱਕ ਮੋਬਾਈਲ ਫੋਨ ਬਰਾਮਦ ਹੋਇਆ ਹੈ। ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲੀਸ ਵੱਲੋਂ ਜੇਲ੍ਹ ਨਿਯਮ ਭੰਗ ਕਰਨ ਦੇ ਦੋਸ਼ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।