ਪੱਤਰ ਪ੍ਰੇਰਕ
ਪਾਇਲ, 21 ਅਗਸਤ
ਇੱਕ ਪਾਸੇ ਸਰਕਾਰਾਂ ਵੱਲੋਂ ਮਜ਼ਦੂਰਾਂ ਦੀ ਭਲਾਈ ਲਈ ਵੱਡੇ-ਵੱਡੇ ਵਾਅਦੇ ਤੇ ਦਾਅਵੇ ਕੀਤੇ ਜਾ ਰਹੇ ਹਨ। ਜੇਕਰ ਹਕੀਕਤ ਵਿੱਚ ਘੋਖਿਆ ਜਾਵੇ ਤਾਂ ਇਹ ਨਿਰਾ ਝੂਠ ਦਾ ਪੁਲੰਦਾ ਸਾਬਤ ਹੋ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਪਿੰਡ ਘੁਡਾਣੀ ਕਲਾਂ ਵਿੱਚ ਵੇਖਣ ਨੂੰ ਮਿਲੀ, ਜਿੱਥੇ ਮਨਰੇਗਾ ਵਿੱਚ ਕੰਮ ਕਰਦੀਆਂ 250 ਮਹਿਲਾਂ ਮਜ਼ਦੂਰਾਂ ਨੇ ਪਿਛਲੇ 3 ਮਹੀਨਿਆਂ ਤੋਂ ਪੈਸੇ ਨਾ ਮਿਲਣ ਕਰ ਕੇ ਰੋਸ ਵਜੋਂ ਲੋੜੀਂਦੀ ਕਾਰਵਾਈ ਕਰਨ ਸਬੰਧੀ ਬੀਬੀ ਰਣਜੀਤ ਕੌਰ ਦੀ ਅਗਵਾਈ ਵਿੱਚ ਸਰਪੰਚ ਹਰਿੰਦਰਪਾਲ ਸਿੰਘ ਹਨੀ ਨੂੰ ਇੱਕ ਮੰਗ ਪੱਤਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਇਸ ਹਫ਼ਤੇ ਅੰਦਰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਬਣਦੀ ਮਜ਼ਦੂਰੀ ਨਾ ਪਾਈ ਗਈ ਤਾਂ ਉਹ ਹਲਕਾ ਵਿਧਾਇਕ ਪਾਇਲ ਅਤੇ ਬੀਡੀਪੀਓ ਦਫਤਰ ਦੋਰਾਹਾ ਦਾ ਘਿਰਾਓ ਕਰਨ ਲਈ ਮਜਬੂਰ ਹੋਣਗੀਆਂ। ਇਸ ਮੌਕੇ ਸਰਪੰਚ ਹਨੀ ਘੁਡਾਣੀ ਨੇ ਦੱਸਿਆ ਕਿ ਇਹ ਮਸਲਾ ਇਕੱਲੇ ਘੁਡਾਣੀ ਕਲਾਂ ਦਾ ਹੀ ਨਹੀਂ ਬਲਕਿ ਬਲਾਕ ਦੋਰਾਹਾ ਦੇ 62 ਪਿੰਡਾਂ ਦੇ ਮਨਰੇਗਾ ਮਜ਼ਦੂਰਾਂ ਦਾ ਹੈ। ਇਸ ਮੌਕੇ ਕੁਲਵੰਤ ਕੌਰ, ਮਨਜੀਤ ਕੌਰ, ਕੁਲਵਿੰਦਰ ਕੌਰ, ਸੁਰਿੰਦਰਪਾਲ ਕੌਰ, ਮਨਜੀਤ ਕੌਰ, ਹਰਪ੍ਰੀਤ ਕੌਰ, ਬਲਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਹਿਲਾਵਾਂ ਹਾਜ਼ਰ ਸਨ।