ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਮਈ
ਕਰੋਨਾ ਮਹਾਮਾਰੀ ਕਰਕੇ ਜਿੱਥੇ ਭੋਗਾਂ ਤੇ ਵਿਆਹਾਂ ’ਤੇ ਲੋਕਾਂ ਦੀ ਗਿਣਤੀ 10 ਤੱਕ ਸੀਮਤ ਕਰ ਦਿੱਤੀ ਗਈ ਹੈ, ਉਥੇ ਹੀ ਕਈ ਥਾਵਾਂ ’ਤੇ ਇਸ ਨਿਯਮ ਦੀ ਉਲੰਘਣਾ ਵੀ ਕੀਤੀ ਜਾ ਰਹੀ ਹੈ। ਲੁਧਿਆਣਾ ਦੇ ਹਲਕਾ ਪੂਰਬੀ ’ਚ ਵਿਧਾਇਕ ਸੰਜੇ ਤਲਵਾੜ ਨੇ ਸੋਮਵਾਰ ਨੂੰ ਆਪਣੇ ਇਲਾਕੇ ’ਚ ਸੀਵਰੇਜ ਲਾਈਨ ਪਾਉਣ ਦਾ ਉਦਘਾਟਨ ਕੀਤਾ। ਇਸ ਮੌਕੇ ਉਥੇ 15 ਤੋਂ ਜ਼ਿਆਦਾ ਲੋਕਾਂ ਨੂੰ ਬੁਲਾਇਆ ਗਿਆ। ਇਸ ਉਦਘਾਟਨ ਸਮਾਗਮ ਦੌਰਾਨ ਸਮਾਜਿਕ ਦੂਰੀ ਵਰਗੇ ਕਿਸੇ ਨਿਯਮ ਦੀ ਪਾਲਣਾ ਨਹੀਂ ਕੀਤੀ ਗਈ। ਖੁ਼ਦ ਵਿਧਾਇਕ ਨੇ ਮਾਸਕ ਨਹੀਂ ਸੀ ਪਾਇਆ ਹੋਇਆ। ਇਸ ਉਦਘਾਟਨ ਦੀ ਫੋਟੋ ਵੀ ਵਿਧਾਇਕ ਨੇ ਆਪਣੇ ਫੇਸਬੁੱਕ ਪੇਜ਼ ’ਤੇ ਸਾਂਝੀ ਕੀਤੀ। ਜਿਸ ਮਗਰੋਂ ਇਸ ’ਤੇ ਕਈਆਂ ਨੇ ਇਤਰਾਜ਼ ਜ਼ਾਹਰ ਕੀਤਾ। ਜ਼ਿਕਰਯੋਗ ਹੈ ਕਿ ਹਲਕਾ ਪੂਰਬੀ ਦੇ ਵਾਰਡ ਨੰਬਰ 3 ’ਚ ਹੌਜਰੀ ਕੰਪਲੈਕਸ ’ਚ ਨਵੀਂ ਸੀਵਰੇਜ ਲਾਈਨ ਪਾਉਣ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਸੋਮਵਾਰ ਨੂੰ ਇਸ ਕੰਮ ਦਾ ਉਦਘਾਟਨ ਕਰਨ ਲਈ ਵਿਧਾਇਕ ਸੰਜੇ ਤਲਵਾੜ ਮੌਕੇ ’ਤੇ ਪੁੱਜੇ। ਇਸ ਸਮੇਂ ਉਨ੍ਹਾਂ ਨਾਲ ਇਲਾਕਾ ਕੌਂਸਲਰ ਸਮੇਤ 15 ਤੋਂ ਵੱਧ ਲੋਕ ਹਾਜ਼ਰ ਸਨ, ਜੋ ਕਿ ਇਸ ਉਦਘਾਟਨ ’ਚ ਹਾਜ਼ਰ ਹੋਏ ਸਨ। ਇਨ੍ਹਾਂ ’ਚ ਵਿਧਾਇਕ ਸਣੇ 8 ਲੋਕ ਅਜਿਹੇ ਸਨ, ਜਿਨ੍ਹਾਂ ਦੇ ਮਾਸਕ ਠੋਡੀ ’ਤੇ ਲਟਕਾਏ ਹੋਏ ਸਨ। ਇਕੱਤਰ ਲੋਕ ਇੱਕ-ਦੂਸਰੇ ਨਾਲ ਜੁੜ ਕੇ ਖੜ੍ਹੇ ਸਨ। ਇਸ ਸਬੰਧੀ ਪੁੱਛੇ ਜਾਣ ’ਤੇ ਵਿਧਾਇਕ ਸੰਜੇ ਤਲਵਾੜ ਨੇ ਕਿਹਾ ਕਿ ਉਨ੍ਹਾਂ ਹੌਜਰੀ ਕੰਪਲੈਕਸ ’ਚ ਪਾਈ ਜਾਣ ਵਾਲੀ ਸੀਵਰੇਜ ਲਾਈਨ ਦਾ ਉਦਘਾਟਨ ਕੀਤਾ ਹੈ। ਇਸ ਮੌਕੇ ਸਿਰਫ਼ 10 ਲੋਕਾਂ ਨੂੰ ਬੁਲਾਇਆ ਗਿਆ ਸੀ, ਪਰ ਕੁਝ ਆਲੇ-ਦੁਆਲੇ ਦੇ ਲੋਕ ਵੀ ਮੌਕੇ ’ਤੇ ਪੁੱਜ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਨਹੀਂ ਕੀਤੀ। ਕਰੋਨਾ ਕਾਲ ਦੌਰਾਨ ਲੋਕਾਂ ਦੀ ਸਹੂਲਤ ਲਈ ਸ਼ੁਰੂ ਹੋਣ ਵਾਲੇ ਵਿਕਾਸ ਕਾਰਜਾਂ ਨੂੰ ਨਹੀਂ ਰੋਕਿਆ ਜਾ ਸਕਦਾ।