ਦੇਵਿੰਦਰ ਸਿੰਘ ਜੱਗੀ
ਪਾਇਲ, 28 ਅਗਸਤ
ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਮੂੰਹ ਖੁਰ ਦੀ ਬਿਮਾਰੀ ਕਾਰਨ ਮਰੇ ਸੈਂਕੜੇ ਪਸ਼ੂਆਂ ਦਾ ਮੁਆਵਜ਼ਾ ਦਿਵਾਉਣ ਅਤੇ ਇਲਾਜ ’ਤੇ ਕੀਤੇ ਖਰਚੇ ਦੀ ਭਰਪਾਈ ਕਰਵਾਉਣ ਲਈ ਐੱਸਡੀਐੱਮ ਪਾਇਲ ਦੇ ਦਫ਼ਤਰ ਅੱਗੇ ‘ਆਪ’ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਭੁੱਖ ਹੜਤਾਲ ਰੱਖੀ ਗਈ ਸੀ, ਜੋ ਕਿ ਤੀਜੇ ਦਿਨ ਵਿੱਚ ਦਾਖਲ ਹੋਈ। ਇਸ ਨੂੰ ‘ਆਪ’ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਦੇਰ ਰਾਤ ਪਾਣੀ ਪਿਲਾ ਕੇ ਤੁੜਵਾਇਆ। ਗਿਆਸਪੁਰਾ ਵੱਲੋਂ ਰੱਖੀ ਭੁੱਖ ਹੜਤਾਲ ਵਿੱਚ ਪਹਿਲਾਂ ਸ਼ਾਮਲ ਹੋਣ ਬਾਰੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਤੋਂ ਇਲਾਵਾ ਹੋਰ ‘ਆਪ’ ਆਗੂਆਂ ਦਾ ਤਿੰਨ ਵਜੇ ਪੁੱਜਣ ਦਾ ਸਮਾਂ ਦਿੱਤਾ ਗਿਆ ਸੀ ਪਰ 6:30 ਵਜੇ ਤੱਕ ਕੋਈ ਵੀ ਆਗੂ ਪਾਇਲ ਨਹੀਂ ਪੁੱਜਿਆ। ਦੇਰ ਰਾਤ ਪੁੱਜੇ ‘ਆਪ’ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਦੇਰੀ ਨਾਲ ਆਉਣ ਦੀ ਮਾਫੀ ਮੰਗੀ। ਇਸ ਮੌਕੇ ਐੱਸਡੀਐੱਮ ਪਾਇਲ ਨੇ ਭਰੋਸਾ ਦਵਾਇਆ ਕਿ ਇਸ ਮਾਮਲੇ ਦੀ ਰਿਪੋਰਟ ਸਬੰਧਤ ਵਿਭਾਗ ਨੂੰ ਭੇਜ ਦਿੱਤੀ ਜਾਵੇਗੀ।