ਜਸਬੀਰ ਸ਼ੇਤਰਾ
ਜਗਰਾਉਂ, 8 ਜੁਲਾਈ
ਏਸ਼ੀਆ ਦੀ ਦੂਜੀ ਵੱਡੀ ਅਤੇ ਮੂੰਗੀ ਦੀ ਹੱਬ ਬਣ ਚੁੱਕੀ ਜਗਰਾਉਂ ਮੰਡੀ ਵਿੱਚ ਪਿਛਲੇ ਕਈ ਦਿਨਾਂ ਤੋਂ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਕਿਸਾਨ ਪੰਜ ਦਿਨ ਤੋਂ ਮੂੰਗੀ ਵਿਕਣ ਦੀ ਉਡੀਕ ’ਚ ਬੈਠੇ ਹਨ। ਕਿਸਾਨਾਂ ਨੇ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਤੱਕ ਪਹੁੰਚ ਕਰਕੇ ਸਮੱਸਿਆ ਤੋਂ ਜਾਣੂ ਕਰਵਾਇਆ ਤਾਂ ਅੱਜ ਬਾਅਦ ਦੁਪਹਿਰ ਉਨ੍ਹਾਂ ਮੰਡੀ ਦਾ ਦੌਰਾ ਕੀਤਾ। ਵਿਧਾਇਕ ਮਾਣੂੰਕੇ ਨੇ ਸਾਰੀ ਮੰਡੀ ਮੂੰਗੀ ਅਤੇ ਮੱਕੀ ਨਾਲ ਭਰੀ ਦੇਖ ਕੇ ਹੈਰਾਨੀ ਪ੍ਰਗਟਾਈ। ਉਨ੍ਹਾਂ ਜਦੋਂ ਮੰਡੀ ਵਿੱਚ ਪਈ ਮੂੰਗੀ ਅਤੇ ਸਰਕਾਰੀ ਰਿਕਾਰਡ ਦਾ ਜਾਇਜ਼ਾ ਲਿਆ ਤਾਂ ਭਾਰੀ ਫ਼ਰਕ ਸਾਹਮਣੇ ਆਇਆ।
ਮੰਡੀ ਵਿੱਚ ਮਾਰਕਫੈੱਡ ਅਧਿਕਾਰੀਆਂ, ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ, ਮਾਰਕੀਟ ਕਮੇਟੀ ਦੇ ਕਰਮਚਾਰੀਆਂ ਤੇ ਆੜ੍ਹਤੀਆਂ ਨਾਲ ਮੀਟਿੰਗ ਦੌਰਾਨ ਇੱਕ ਘੰਟੇ ਤੱਕ ਚੱਲੀ ਗੱਲਬਾਤ ਜਦੋਂ ਬਹਿਸ ਤੋਂ ਅੱਗੇ ਵਧ ਕੇ ਸਾਰਥਿਕ ਹੱਲ ਤੱਕ ਨਾ ਪੁੱਜੀ ਤਾਂ ਵਿਧਾਇਕ ਮਾਣੂੰਕੇ ਤਲਖੀ ’ਚ ਆ ਗਏ। ਉਨ੍ਹਾਂ ਰੌਲਾ ਬੰਦ ਕਰਕੇ ਦੋ ਦਿਨਾਂ ’ਚ ਮੰਡੀ ਵਿਚਲੀ ਸਾਰੀ ਮੂੰਗੀ ਦੀ ਖਰੀਦ ਕਰਕੇ ਮੰਡੀ ਖਾਲੀ ਕਰਨ ਦੀ ਤਾਕੀਦ ਕੀਤੀ। ਨਾਲ ਹੀ ਮਾਰਕੀਟ ਕਮੇਟੀ ਨੂੰ ਮੂੰਗੀ ਸਬੰਧੀ ਰਿਕਾਰਡ ਦਰੁਸਤ ਕਰਕੇ ਦਿਖਾਉਣ ਲਈ ਕਿਹਾ। ‘ਆਪ’ ਆਗੂ ਪ੍ਰੀਤਮ ਸਿੰਘ ਅਖਾੜਾ ਨੇ ਅਧਿਕਾਰੀਆਂ ਨੂੰ ਪੰਜ ਦਿਨ ਤੋਂ ਬੈਠੇ ਕਿਸਾਨਾਂ ਬਾਰੇ ਜਾਣੂ ਕਰਵਾਇਆ। ਮਾਰਕਫੈੱਡ ਅਧਿਕਾਰੀਆਂ ਨੇ ਕਿਹਾ ਕਿ ਉਹ ਸਰਕਾਰੀ ਨਿਯਮਾਂ ’ਤੇ ਖਰੀ ਉੱਤਰਦੀ ਮੂੰਗੀ 7275 ਐੱਮਐੱਸਪੀ ’ਤੇ ਖਰੀਦ ਰਹੇ ਹਨ ਪਰ ਜਦੋਂ ਅੰਕੜੇ ਦੇਖੇ ਗਏ ਤਾਂ ਹੁਣ ਤੱਕ ਮੰਡੀ ਵਿੱਚ ਆਈ ਸਵਾ ਲੱਖ ਕੁਇੰਟਲ ’ਚੋਂ ਚਾਰ ਹਜ਼ਾਰ ਤੋਂ ਵੀ ਘੱਟ ਮੂੰਗੀ ਖਰੀਦੇ ਜਾਣ ਦੀ ਗੱਲ ਪਤਾ ਲੱਗੀ। ਵਿਧਾਇਕ ਮਾਣੂੰਕੇ ਨੇ ਮਾਰਕਫੈੱਡ ਨੂੰ ਜਦੋਂ ਖਰੀਦ ’ਚ ਤੇਜ਼ੀ ਲਿਆਉਣ ਲਈ ਕਿਹਾ ਤਾਂ ਮੁੱਦਾ ਭਖ਼ ਗਿਆ। ਮਾਰਕਫੈੱਡ ਅਧਿਕਾਰੀ ਨੇ ਆਖਿਆ ਕਿ ਸਰਕਾਰੀ ਰਿਕਾਰਡ ਵਿੱਚ ਮੰਡੀ ’ਚ ਮੂੰਗੀ ਨਹੀਂ, ਜਦਕਿ ਮੰਡੀ ਵਿੱਚ ਸਾਰੇ ਪਾਸੇ ਮੂੰਗੀ ਪਈ ਸੀ।
ਮੌਕੇ ’ਤੇ ਮੌਜੂਦ ਮਾਰਕੀਟ ਕਮੇਟੀ ਮੁਲਾਜ਼ਮ ਸਾਫ ਜਵਾਬ ਨਹੀਂ ਦੇ ਸਕੇ ਤਾਂ ਰਿਕਾਰਡ ਰਜਿਸਟਰ ਮੰਗਵਾਇਆ। ਦੂਜੇ ਪਾਸੇ ਆੜ੍ਹਤੀ ਨੇ ਵਿਰੋਧ ਕਰਦਿਆਂ ਕਿਹਾ ਕਿ ਮਾਰਕਫੈੱਡ ਦੀ ਖਰੀਦ ’ਚ ਉਨ੍ਹਾਂ ਨੂੰ ਆੜ੍ਹਤ ਨਹੀਂ ਮਿਲਣੀ, ਇਸ ਲਈ ਅਜਿਹਾ ਨਾ ਕੀਤਾ ਜਾਵੇ।