ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 13 ਜੁਲਾਈ
ਹਲਕੇ ਦੇ ਪਿੰਡਾਂ ’ਚ ਅਧੂਰੇ ਪਏ ਵਿਕਾਸ ਕਾਰਜ ਨੇਪਰੇ ਚਾੜ੍ਹਨ ਤੇ ਲੋਕਾਂ ਨੂੰ ਹੋਰ ਸੁੱਖ ਸਹੂਲਤਾਂ ਸਮੇਂ ਸਿਰ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਅੱਜ ਬਲਾਕ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਵਿਧਾਇਕਾ ਮਾਣੂੰਕੇ ਵੱਲੋਂ ਅਧਿਕਾਰੀਆਂ ਨੂੰ ਪਿੰਡਾਂ ਦੇ ਛੱਪੜਾਂ ਦੀ ਸਫਾਈ, ਟੁੱਟੀਆਂ ਹੋਈਆਂ ਜਾਂ ਨਵੀਆਂ ਬਣਨ ਵਾਲੀਆਂ ਗਲੀਆਂ-ਨਾਲੀਆਂ, ਖੇਤਾਂ ਅਤੇ ਸੜਕਾਂ ਦੇ ਆਲੇ ਦੁਆਲੇ ਫਲ ਅਤੇ ਛਾਂਦਾਰ ਰੁੱਖ ਲਾਉਣ, ਪਿੰਡਾਂ ’ਚ ਪਾਰਕਾਂ ਬਣਾਉਣ, ਨੌਜਵਾਨਾਂ ਲਈ ਆਧੁਨਿਕ ਖੇਡ ਮੈਦਾਨ ਬਣਾਉਣ ਲਈ ਜੰਗੀ ਪੱਧਰ ’ਤੇ ਉਪਰਾਲੇ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਜਿਹੜੇ ਪਿੰਡਾਂ ’ਚ ਪੰਚਾਇਤਾਂ ਦੀਆਂ ਜ਼ਮੀਨਾਂ ਖਾਲੀ ਹਨ, ਉਸ ਥਾਂ ਉਪਰ ਜੰਗਲ ਲਗਾਉਣ ਦਾ ਪ੍ਰਬੰਧ ਕੀਤਾ ਜਾਵੇ। ਪਿੰਡਾਂ ’ਚ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਿਸ਼ੇਸ਼ ਕੈਂਪ ਲਗਾਏ ਜਾਣ ਤੇ ਬਰਸਾਤੀ ਪਾਣੀ ਦੀ ਸਾਂਭ-ਸੰਭਾਲ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਖਸਤਾ ਹਾਲਤ ਵਾਲੇ ਤੇ ਡਿੱਗਣ ਵਾਲੇ ਘਰਾਂ ਦੀਆਂ ਸੂਚੀਆਂ ਬਣਾਉਣ ਦੀ ਵੀ ਹਦਾਇਤ ਕੀਤੀ। ਮੀਟਿੰਗ ਦੌਰਾਨ ਮਨਰੇਗਾ ਅਧਿਕਾਰੀ ਜਸਵੀਰ ਸਿੰਘ ਵੱਲੋਂ ਦੱਸਿਆ ਗਿਆ ਕਿ ਕਣਕ ਦੀ ਵਾਢੀ ਤੋਂ ਬਾਅਦ ਬਰਮਾਂ ਉਤੇ ਮਿੱਟੀ ਪਾਉਣ ਦਾ ਕੰਮ, ਗਲੀਆਂ-ਨਾਲੀਆਂ, ਨਹਿਰੀ ਵਿਭਾਗ ਦੇ ਨਹਿਰਾਂ, ਸੂਏ ਆਦਿ ਦੀ ਸਫਾਈ ਦੇ ਕੰਮ ਕਰਵਾਏ ਗਏ, ਜਿਨ੍ਹਾਂ ਉਪਰ ਲਗਪਗ ਡੇਢ ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਇਸ ਮੌਕੇ ਬੀਡੀਪੀਓ ਸਤਿੰਦਰ ਸਿੰਘ ਕੰਗ, ਬਲਾਕ ਸਮਿਤੀ ਚੇਅਰਪਰਸਨ ਬਲਵਿੰਦਰ ਕੌਰ, ਬੂੜ ਸਿੰਘ, ਪ੍ਰੀਤਮ ਸਿੰਘ ਅਖਾੜਾ, ਐਡਵੋਕੇਟ ਕਰਮ ਸਿੰਘ ਸਿੱਧੂ, ਸੈਕਟਰੀ ਬਲਜਿੰਦਰ ਸਿੰਘ, ਨਿਰਮਲ ਸਿੰਘ, ਬਲਵੰਤ ਸਿੰਘ, ਪੁਨੀਤ ਗਰਗ, ਹਰਜਿੰਦਰ ਸਿੰਘ, ਦਲਜੀਤ ਸਿੰਘ, ਨਰਿੰਦਰਜੀਤ ਸਿੰਘ, ਜੋਗਿੰਦਰਪਾਲ ਸਿੰਘ, ਹਰਬੰਸ ਸਿੰਘ, ਸੁਖਵੀਰ ਸਿੰਘ ਮੌਜੂਦ ਸਨ।