ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਅਪਰੈਲ
ਆਮ ਆਦਮੀ ਪਾਰਟੀ ਦੇ ਹਲਕਾ ਉੱਤਰੀ ਦੇ ਵਿਧਾਇਕ ਮਦਨ ਲਾਲ ਬੱਗਾ ਨੇ ਲੁਧਿਆਣਾ ਦੇ ਮਾਤਾ ਰਾਣੀ ਚੌਕ ਸਥਿਤ ਨਗਰ ਨਿਗਮ ਜ਼ੋਨ-ਏ ਦੇ ਦਫ਼ਤਰ ਵਿੱਚ ਅਧਿਕਾਰੀਆਂ ਤੇ ਮੁਲਾਜ਼ਮਾਂ ਨਾਲ ਹਲਕਾ ਉੱਤਰੀ ਦੇ ਵੱਖ-ਵੱਖ ਪ੍ਰਾਜੈਕਟਾਂ ਦੀ ਸਮੀਖਿਆ ਮੀਟਿੰਗ ਕੀਤੀ। ਇਸ ਮੌਕੇ ਨਗਰ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਇਸ ਮੌਕੇ ਵਿਧਾਇਕ ਮਦਨ ਲਾਲ ਬੱਗਾ ਨੇ ਮੀਟਿੰਗ ਦੌਰਾਨ ਕਿਹਾ ਜਿਹੜੇ ਸ਼ਹਿਰ ਦੇ ਵਿਕਾਸ ਕਾਰਜ਼ਾਂ ਦੇ ਕੰਮ ਰੁਕੇ ਹੋਏ ਹਨ ਉਨ੍ਹਾਂ ਨੂੰ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿਹੜੇ ਐਸਟੀਮੈਟ ਪਾਸ ਹੋ ਚੁੱਕੇ ਹਨ ਉਨ੍ਹਾਂ ਨੂੰ ਚਾਲੂ ਕਰਵਾਇਆ ਜਾਵੇ ਅਤੇ ਜਿਹੜੇ ਕੰਮ ਰਹਿੰਦੇ ਹਨ ਉਨ੍ਹਾਂ ਦੇ ਐਸੀਟੀਮੇਟ ਤਿਆਰ ਕੀਤੇ ਜਾਣ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਦੀਆਂ ਮੁੱਖ ਪਾਰਕਾਂ ਦੇ ਸੁੰਦਰੀਕਰਨ ਲਈ ਅਤੇ ਸ਼ਹਿਰ ਦੀ ਸਾਫ਼-ਸਫਾਈ ਲਈ ਐਸਟੀਮੇਟ ਬਣਾ ਕੇ ਦਿੱਤਾ ਜਾਵੇ ਅਤੇ ਹੋਰ ਰਹਿੰਦੀਆਂ ਪਾਰਕਾਂ ਦਾ ਵਿਕਾਸ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੁਧਿਆਣਾ ਸ਼ਹਿਰ ਦੀਆਂ ਸੜਕਾਂ ਅਤੇ ਪਾਰਕਾਂ ਨੂੰ ਨਵੀਂ ਦਿੱਖ ਦਿੱਤੀ ਜਾਵੇਗੀ ਅਤੇ ਵਿਕਾਸ ਕਾਰਜਾਂ ਨੂੰ ਜੰਗੀ ਪੱਧਰ ’ਤੇ ਕੀਤਾ ਜਾਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਬੁੱਢੇ ਨਾਲ਼ੇ ਦੇ ਨਾਲ-ਨਾਲ ਸਾਫ਼-ਸਫਾਈ ਅਤੇ ਬੁੱਢੇ ਨਾਲ਼ੇ ਦੀ ਹਫ਼ਤੇ ਵਿੱਚ ਇੱਕ ਵਾਰ ਸਫ਼ਾਈ ਜ਼ਰੂਰ ਕਾਰਵਾਈ ਜਾਵੇ। ਉਨ੍ਹਾਂ ਕਿਹਾ ਕਿ ਬੁੱਢੇ ਨਾਲ਼ੇ ਦੇ ਨਾਲ ਲੱਗੇ ਬੂਟਿਆਂ ਦੇ ਨਾਲ ਜਾਲੀ ਵੀ ਲਗਾਈ ਜਾਵੇ।
ਸੌਂਦ ਵੱਲੋਂ ਬੁਲਾਈ ਮੀਟਿੰਗ ਵਿੱਚ ਸਿਰਫ਼ ‘ਆਪ’ ਦਾ ਕੌਂਸਲਰ ਹੀ ਪੁੱਜਿਆ
ਖੰਨਾ (ਨਿੱਜੀ ਪੱਤਰ ਪ੍ਰੇਰਕ): ਇਥੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਕੌਂਸਲਰਾਂ ਦੀ ਬੁਲਾਈ ਗਈ ਮੀਟਿੰਗ ਵਿੱਚ ‘ਆਪ’ ਦੇ ਕੌਂਸਲਰ ਸੁਖਮਨਪ੍ਰੀਤ ਸਿੰਘ ਤੋਂ ਇਲਾਵਾ ਕੋਈ ਵੀ ਕੌਂਸਲਰ ਨਹੀਂ ਪੁੱਜਾ। ਵਿਧਾਇਕ ਸੌਂਦ ਨੇ ਕਿਹਾ ਕਿ ਇਹ ਮੀਟਿੰਗ ਹਰ ਪਾਰਟੀ ਦੇ ਕੌਂਸਲਰ ਨੂੰ ਬਿਨਾਂ ਕਿਸੇ ਪੱਖਪਾਤ ਦੇ ਬਕਾਇਦਾ ਸੱਦਾ ਭੇਜ ਕੇ ਬੁਲਾਈ ਗਈ ਸੀ ਪਰ ਅਕਾਲੀ, ਕਾਂਗਰਸੀ ਤੇ ਭਾਜਪਾ ਕੌਂਸਲਰਾਂ ਦਾ ਮੀਟਿੰਗ ਵਿੱਚ ਨਾ ਪੁੱਜਣਾ ਸਾਫ ਪ੍ਰਗਟ ਕਰਦਾ ਹੈ ਕਿ ਇਹ ਕੌਂਸਲਰ ਸ਼ਹਿਰ ਦੀ ਭਲਾਈ ਲਈ ਕਿੰਨੇ ਕੁ ਚਾਹਵਾਨ ਹਨ। ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਨੇ ਕਿਹਾ ਕਿ ਕੌਂਸਲ ਦੀ ਮੀਟਿੰਗ ਕੌਂਸਲ ਪ੍ਰਧਾਨ ਹੀ ਬੁਲਾਉਂਦਾ ਹੈ ਪਰ ਵਿਧਾਇਕ ਸੌਂਦ ਨੇ ਇਸ ਸਬੰਧੀ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਕੀਤਾ। ਅਕਾਲੀ ਦਲ ਦੇ ਕੌਂਸਲਰ ਸਰਵਦੀਪ ਸਿੰਘ ਕਾਲੀਰਾਓ ਨੇ ਕਿਹਾ ਕਿ ਵਿਧਾਇਕ ਕੋਲ ਕੌਂਸਲ ਦੀ ਮੀਟਿੰਗ ਬੁਲਾਉਣ ਦਾ ਕੋਈ ਅਧਿਕਾਰ ਨਹੀਂ।